ਬਰਨਾਲਾ: ਕੋਰੋਨਾ ਵਾਇਰਸ ਦੀ ਮਾਰ ਹੁਣ ਪਿੰਡਾਂ ਤੱਕ ਪਹੁੰਚ ਗਈ ਹੈ। ਪਿੰਡਾਂ ਵਿੱਚ ਕੋਰੋਨਾ ਨੂੰ ਰੋਕਣ ਲਈ ਪਿੰਡਾਂ ਦੇ ਲੋਕ ਅੱਗੇ ਆ ਕੇ ਪ੍ਰਸ਼ਾਸਨ ਦਾ ਸਾਥ ਦੇਣ ਲੱਗੇ ਹਨ। ਜਿਸ ਤਹਿਤ ਬਰਨਾਲਾ ਜ਼ਿਲੇ ਦੇ ਪਿੰਡਾਂ ਵਿੱਚ ਪ੍ਰਸ਼ਾਸ਼ਨ ਦੇ ਸਹਿਯੋਗ ਨਾਂਲ ‘ਪੇਂਡੂ ਸੰਜੀਵਨੀ ਕਮੇਟੀਆਂ’ ਬਣਾਈਆ ਜਾ ਰਹੀਆਂ ਹਨ। ਜ਼ਿਲ੍ਹੇ ਦੇ ਪਿੰਡ ਚੰਨਣਵਾਲ ਅਤੇ ਨੰਗਲ ਵਿਖੇ ਇਹ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਪ ਮੰਡਲ ਮੈਜਿਸਟ੍ਰੇਟ ਐਸਡੀਐਮ ਵਰਜੀਤ ਵਾਲੀਆ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਪਿੰਡਾਂ ਵਿਚ ਕੰਮ ਕਰਦੇ ਆਰਐਮਪੀ ਡਾਕਟਰਾਂ, ਸਿਹਤ ਵਰਕਰਾਂ, ਪਟਵਾਰੀ, ਜੀਓਜੀ ਤੇ ਵਲੰਟੀਅਰਾਂ ਤੇ ਮੋਹਤਬਰਾਂ ਨੂੰ ਇਕ ਪਲੈਟਫਾਰਮ ’ਤੇ ਇਕੱਠਾ ਕਰ ਕੇ ਪੇਂਡੂ ਸੰਜੀਵਨੀ ਕਮੇਟੀ ਦਾ ਨਾਮ ਦਿੱਤਾ ਗਿਆ ਹੈ, ਜੋ ਕਮੇਟੀ ਇਸ ਮਹਾਮਾਰੀ ਵਿਰੁੱਧ ਆਮ ਲੋਕਾਂ ਲਈ ਵਰਦਾਨ ਸਿੱਧ ਹੋਵੇਗੀ।
ਇਸ ਮੁਹਿੰਮ ਤਹਿਤ 14 ਮਈ ਤੋਂ ਇਨ੍ਹਾਂ ਕਮੇਟੀ ਮੈਂਬਰਾਂ ਵੱਲੋਂ ਘਰ-ਘਰ ਸਿਹਤ ਸਰਵੇਖਣ ਸ਼ੁਰੂ ਕੀਤਾ ਗਿਆ, ਜਿਸ ਵਿੱਚ ਸਬੰਧਤ ਵਿਅਕਤੀ ਦੇ ਸਰੀਰ ਦਾ ਤਾਪਮਾਨ, ਆਕਸੀਜਨ ਪੱਧਰ, ਦਿਲ ਦੀ ਧੜਕਣ ਤੇ ਕਰੋਨਾ ਸਬੰਧੀ ਲੱਛਣਾਂ ਸਬੰਧੀ ਮਾਪਦੰਡਾਂ ਦੇ ਆਧਾਰ ’ਤੇ ਜਾਣਕਾਰੀ ਇਕੱਠੀ ਕੀਤੀ ਗਈ, ਜਿਸ ਦੌਰਾਨ ਕਈ ਅਜਿਹੇ ਵਿਅਕਤੀਆਂ ਬਾਰੇ ਪਤਾ ਲੱਗਿਆ, ਜਿਨ੍ਹਾਂ ਵਿੱਚ ਕੋਰੋਨਾ ਦੇ ਲੱਛਣ ਸਨ, ਪਰ ਉਨ੍ਹਾਂ ਨੇ ਟੈਸਟ ਨਹੀਂ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਕਮੇਟੀ ਮੈਂਬਰਾਂ ਨੂੰ ਸਰਵੇਖਣ ਦੌਰਾਨ ਅਜਿਹੇ ਮਰੀਜ਼ ਬਾਰੇ ਪਤਾ ਲੱਗਿਆ, ਜਿਸ ਦਾ ਆਕਸੀਜਨ ਲੈਵਲ (2) ਸਿਰਫ 65% ਸੀ, ਜਿਸ ਨੂੰ ਫੌਰੀ ਤੌਰ ’ਤੇ ਇਲਾਜ ਲਈ ਭੇਜਿਆ ਗਿਆ।
ਇਹ ਵੀ ਪੜ੍ਹੋ:ਪਟਿਆਲਾ 'ਚ 2 ਬਲੈਕ ਫੰਗਸ ਦੇ ਪੀੜਤਾਂ ਦੀ ਕੋਵਿਡ ਨਾਲ ਹੋਈ ਮੌਤ
ਉਨ੍ਹਾਂ ਦੱਸਿਆ ਕਿ ਇਸ ਸਰਵੇਖਣ ਅਤੇ ਕਮੇਟੀ ਬਣਾਉਣ ਦਾ ਮਕਸਦ ਅਜਿਹੇ ਵਿਅਕਤੀਆਂ ਨੂੰ ਸਮੇਂ ਸਿਰ ਜਾਗਰੂਕ ਅਤੇ ਕੋਵਿਡ ਟੈਸਟ ਅਤੇ ਇਲਾਜ ਲਈ ਪ੍ਰੇਰਿਤ ਕਰਨਾ ਹੈ, ਜਿਨਾਂ ਵਿਚ ਕਰੋਨਾ ਦੇ ਲੱਛਣ ਹਨ। ਉਨਾਂ ਦੱਸਿਆ ਕਿ ਇਸ ਸਰਵੇਖਣ ਦੌਰਾਨ ਅਜਿਹੇ ਵਿਅਕਤੀਆਂ ਦਾ ਪਤਾ ਲਾਇਆ ਗਿਆ ਅਤੇ ਸਥਿਤੀ ਦੇ ਆਧਾਰ ’ਤੇ ਲੈਵਲ 1 ਅਤੇ ਲੈਵਲ 2 ਫੈਸਿਲਟੀ ਵਿਖੇ ਭੇਜਿਆ ਗਿਆ ਤਾਂ ਜੋ ਉਨਾਂ ਦਾ ਸਮੇਂ ਸਿਰ ਇਲਾਜ ਹੋ ਸਕੇ। ਉਨਾਂ ਆਖਿਆ ਕਿ ਪਿੰਡ ਪੱਧਰ ’ਤੇ ਇਸ ਉਪਰਾਲੇ ਨਾਲ ਜਿੱਥੇ ਲੋਕਾਂ ਵਿਚ ਕਰੋਨਾ ਸੈਂਪਿਗ ਅਤੇ ਇਲਾਜ ਪ੍ਰਤੀ ਸ਼ੰਕੇ ਅਤੇ ਡਰ ਦੂਰ ਹੋਵੇਗਾ, ਉਥੇ ਕਰੋਨਾ ਦਾ ਟਾਕਰਾ ਕਰ ਕੇ ਇਸ ਮਹਾਮਾਰੀ ’ਤੇ ਜਿੱਤ ਪਾਈ ਜਾ ਸਕੇਗੀ। ਉਨਾਂ ਚੰਨਣਵਾਲ ਅਤੇ ਨੰਗਲ ਵਾਸੀਆਂ ਦੀ ਸ਼ਲਾਘਾ ਕਰਦੇ ਹੋਏ ਹੋਰ ਪਿੰਡਾਂ ਨੂੰ ਵੀ ਅੱਗੇ ਆਉਣ ਦਾ ਸੱਦਾ ਦਿੱਤਾ।