ਟੱਲੇਵਾਲ: ਸਮਾਂ ਕੋਈ ਵੀ ਹੋਵੇ ਪਰ ਅੰਨਦਾਤੇ ਦੇ ਹਾਲਾਤ ਨਹੀਂ ਬਦਲਦੇ। ਹੁਣ ਕੋਰੋਨਾ ਵਾਇਰਸ ਦੀ ਮਹਾਂਮਾਰੀ ਦਰਮਿਆਨ ਵੀ ਕਿਸਾਨਾਂ ਲਈ ਸਮੱਸਿਆਵਾਂ ਦੇ ਅੰਬਾਰ ਖੜ੍ਹੇ ਹਨ। ਕਣਕ ਦੀ ਵਾਢੀ ਦਾ ਸੀਜ਼ਨ ਔਖੇ ਸੌਖੇ ਲੰਘ ਗਿਆ। ਇਸ ਕਰਕੇ ਕਿਸਾਨਾਂ ਲਈ ਅਗਲੀ ਸਮੱਸਿਆ ਝੋਨੇ ਦੀ ਬਿਜਾਈ ਹੈ। ਇਸ ਦੇ ਨਾਲ ਹੀ ਵੱਡੀ ਸਮੱਸਿਆ ਕਿਸਾਨਾਂ ਨੂੰ ਕਰਜ਼ੇ ਦੀਆਂ ਲਿਮਟਾਂ ਉਤਾਰਨ ਦੀ ਹੈ।
ਕਣਕ ਦੀ ਫ਼ਸਲ ਦੇ ਵਿਕਣ ਉਪਰੰਤ ਤੁਰੰਤ ਸੁਸਾਇਟੀਆਂ ਅਤੇ ਬੈਂਕਾਂ ਵਲੋਂ ਕਿਸਾਨਾਂ ਤੋਂ ਕਰਜ਼ੇ ਵਾਪਸ ਲੈਣ ਦੀ ਕਾਰਵਾਈ ਸ਼ੁਰੂ ਹੋ ਜਾਂਦੀ ਹੈ। ਇਸ ਵਾਰ ਵੀ ਫ਼ਸਲ ਵਿਕਦਿਆਂ ਹੀ ਕਿਸਾਨਾਂ ਨੂੰ ਕਰਜ਼ੇ ਦੀਆਂ ਲਿਮਟਾਂ ਉਤਾਰਨ ਲਈ ਬੈਂਕਾਂ ਅਤੇ ਸੁਸਾਇਟੀਆਂ ਵਲੋਂ ਨਿਰਦੇਸ਼ ਜਾਰੀ ਹੋ ਰਹੇ ਹਨ। ਜਿਸਤੋਂ ਬਾਅਦ ਬੈਂਕਾਂ ਅਤੇ ਸੁਸਾਇਟੀਆਂ ਵਿੱਚ ਕਿਸਾਨਾਂ ਦੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ।
ਕੋਰੋਨਾ ਵਾਇਰਸ ਕਰਕੇ ਸ਼ੋਸ਼ਲ ਡਿਸਟੈਂਸ ਨੂੰ ਧਿਆਨ ’ਚ ਰੱਖਦਿਆਂ ਸਰਕਾਰ ਵਲੋਂ ਅਜੇ ਤੱਕ ਕਿਸਾਨਾਂ ਲਈ ਕੋਈ ਲਿਮਟਾਂ ਵਿੱਚੋਂ ਛੋਟ ਦੀ ਪਹਿਲਕਦਮੀ ਨਹੀਂ ਕੀਤੀ ਗਈ। ਕਿਸਾਨਾਂ ਵਲੋਂ ਐਤਕੀਂ ਸਿਰਫ਼ ਵਿਆਜ਼ ਭਰਵਾ ਕੇ ਲਿਮਟਾਂ ਜਾਰੀ ਰੱਖਣ ਦੀ ਮੰਗ ਕੀਤੀ ਗਈ ਸੀ। ਪਰ ਸਰਕਾਰ ਵਲੋਂ ਅਜਿਹਾ ਫ਼ੈਸਲਾ ਅਜੇ ਨਹੀਂ ਲਿਆ ਗਿਆ।
ਬਰਨਾਲਾ ਜ਼ਿਲ੍ਹੇ ਵਿੱਚ 81 ਕੋਆਰਪ੍ਰੇਟਿਵ ਸੁਸਾਇਟੀਆਂ ਹਨ। ਜਿਨ੍ਹਾਂ ਦੇ 47581 ਕਿਸਾਨ ਮੈਂਬਰ ਹਨ। ਇਨ੍ਹਾਂ ਕਿਸਾਨਾਂ ਵੱਲੋਂ ਸੁਸਾਇਟੀਆਂ ਤੋਂ 266 ਕਰੋੜ ਦੇ ਕਰੀਬ ਕਰਜ਼ਾ ਲਿਆ ਹੋਇਆ ਹੈ। ਇਸ ਤੋਂ ਇਲਾਵਾ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਤੋਂ ਵੀ ਕਿਸਾਨਾਂ ਵਲੋਂ ਕਰੋੜਾਂ ਦਾ ਲਿਮਟਾਂ ਦੇ ਰੂਪ ’ਚ ਕਰਜ਼ਾ ਲਿਆ ਗਿਆ ਹੈ। ਜੋ ਇਸ ਵਾਰ ਉਤਾਰਿਆ ਜਾਣਾ ਹੈ। ਭਾਵੇਂ ਸਰਕਾਰ ਵਲੋਂ ਕਿਸਾਨਾਂ ਦੀ ਕਰਜ਼ਾਮਾਫ਼ੀ ਦੀ ਗੱਲ ਵੀ ਕੀਤੀ ਜਾਂਦੀ ਰਹੀ ਹੈ। ਪਰ ਇਸ ਵਾਰ ਕੋਈ ਬਹੁਤੀ ਕਰਜ਼ਾਮਾਫ਼ੀ ਕਿਸਾਨਾਂ ਨੂੰ ਨਹੀਂ ਮਿਲੀ। ਇਸ ਕਰਕੇ ਕਿਸਾਨਾਂ ਵਲੋਂ ਇਹ ਕਰਜ਼ਾ ਰਾਸ਼ੀ ਸਮੇਤ ਵਿਆਜ਼ ਭਰੀ ਜਾਣੀ ਹੈ। ਜਿਸਤੋਂ ਬਾਅਦ ਕਿਸਾਨ ਮੁੜ ਕਰਜ਼ਾ ਲੈਣ ਲਈ ਨਵੀਂ ਲਿਮਟ ਕਰਵਾਉਣਗੇ।
ਕਿਸਾਨਾਂ ਵੱਲੋਂ ਕਰਜ਼ਾ ਉਤਾਰਨ ਲਈ ਪਹਿਲਾਂ ਆਪਣੇ ਬੈਂਕ ਖ਼ਾਤਿਆਂ ਵਿੱਚੋਂ ਜਾਂ ਆੜਤੀਆਂ ਤੋਂ ਨਗਦ ਰਾਸ਼ੀ ਲੈ ਕੇ ਸੁਸਾਇਟੀਆਂ ਕੋਲ ਜਮ੍ਹਾਂ ਕਰਵਾਈ ਜਾਵੇਗੀ। ਇਸ ਤੋਂ ਬਾਅਦ ਨਵੀਂ ਲਿਮਟ ਕਰਵਾਉਣ ਲਈ ਮੁੜ ਇਹ ਰਾਸ਼ੀ ਸੁਸਾਇਟੀਆਂ ਤੋਂ ਕਰਜ਼ੇ ਦੇ ਰੂਪ ’ਚ ਲਈ ਜਾਵੇਗੀ। ਇੰਝ ਹੀ ਮਨੁੱਖੀ ਚੈਨ ਬਨਣ ਦਾ ਦੌਰ ਜਾਰੀ ਰਹੇਗਾ।
ਕਿਸਾਨਾਂ ਨੇ ਕਿਹਾ ਕਿ ਅਜੇ ਕੁੱਝ ਕਿਸਾਨ ਕਣਕ ਦੀ ਫ਼ਸਲ ਦੀ ਅਦਾਇਗੀ ਮਿਲਣ ਤੋਂ ਵੀ ਵਾਂਝੇ ਹਨ। ਇਸ ਕਰਕੇ ਉਨ੍ਹਾਂ ਲਈ ਸੁਸਾਇਟੀ ਜਾਂ ਬੈਂਕ ਦਾ ਵਿਆਜ਼ ਉਤਾਰਨਾ ਮੁਸ਼ਕਿਲ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਵਾਰ ਸਿਰਫ਼ ਵਿਆਜ਼ ਭਰਵਾ ਕੇ ਹੀ ਪੁਰਾਣੀਆਂ ਲਿਮਟਾਂ ਨੂੰ ਜਾਰੀ ਰੱਖਿਆ ਜਾਂਦਾ ਤਾਂ ਕਿ ਬੈਂਕਾਂ ਅਤੇ ਸੁਸਾਇਟੀ ਵਿੱਚ ਇਕੱਠ ਨਾ ਹੋਣ। ਇਸ ਭਿਆਨਕ ਮਹਾਂਮਾਰੀ ਤੋਂ ਵੀ ਬਚਾਅ ਰੱਖਿਆ ਜਾ ਸਕੇਗਾ। ਅਜਿਹਾ ਕਰਕੇ ਕਿਸਾਨਾਂ ਦੇ ਨਾਲ ਨਾਲ ਸੁਸਾਇਟੀਆਂ ਅਤੇ ਬੈਂਕਾਂ ਦੇ ਅਧਿਕਾਰੀ ਵੀ ਸੌਖੇ ਰਹਿਣਗੇ।
ਇਸ ਸਬੰਧੀ ਸਹਾਇਕ ਰਜਿਸਟਰਾਰ ਗੁਰਪ੍ਰੀਤ ਕੌਰ ਆਹਲੂਵਾਲੀਆ ਨੇ ਕਿਹਾ ਕਿ ਇਸ ਵਾਰ ਲਿਮਟਾਂ ਲਈ ਕਾਗਜ਼ੀ ਕਾਰਵਾਈ ਪਹਿਲਾਂ ਵਾਲੀ ਹੀ ਰੱਖੀ ਜਾਵੇਗੀ। ਕਿਸਾਨਾਂ ਨੂੰ ਡਾਕੂਮੈਂਟ ਵਗੈਰਾ ਦੇ ਝੰਜਟ ਤੋਂ ਛੁਟਕਾਰਾ ਮਿਲੇਗਾ। ਇਸਦੇ ਨਾਲ ਹੀ ਕਰਜ਼ਾ ਵਾਪਸ ਕਰਨ ਦੀ ਆਖ਼ਰੀ ਤਾਰੀਖ਼ 31 ਮਾਰਚ ਤੋਂ ਵਧਾ ਕੇ 31 ਜੁਲਾਈ ਤੱਕ ਕਰ ਦਿੱਤੀ ਹੈ।