ਬਰਨਾਲਾ: ਬੱਸ ਕੰਡਕਟਰ ਨਾਲ ਹੋਈ ਕੁੱਟਮਾਰ ਤੋਂ ਬਾਅਦ ਭੜਕੇ ਪੀਆਰਟੀਸੀ ਮੁਲਾਜ਼ਮਾਂ ਨੇ ਸ਼ਹਿਰ ਦੇ ਮੁੱਖ ਬੱਸ ਅੱਡੇ ਸਮੇਤ ਵੱਖ-ਵੱਖ ਚੌਂਕਾਂ ਉਪਰ ਪੀਆਰਟੀਸੀ ਬੱਸਾਂ ਖੜੀਆਂ ਕਰ ਦਿੱਤੀਆਂ। ਬੱਸ ਅੱਡੇ ਉਪਰ ਧਰਨਾ ਦੇ ਕੇ ਬਰਨਾਲਾ ਪੁਲਿਸ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਕਰਨ ਵਾਲੇ ਪੀਆਰਟੀਸੀ ਮੁਲਾਜ਼ਮਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ। ਪੀਆਰਟੀਸੀ ਮੁਲਾਜ਼ਮਾਂ ਨੇ ਕਾਰਵਾਈ ਨਾ ਕੀਤੇ ਜਾਣ ਉੱਤੇ ਸਮੁੱਚੇ ਪੰਜਾਬ ਵਿੱਚ ਸਰਕਾਰੀ ਬੱਸਾਂ ਬੰਦ ਕਰਕੇ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੱਤੀ ਹੈ।
ਜ਼ਖ਼ਮੀ ਨੇ ਦੱਸੀ ਹੱਡਬੀਤੀ: ਇਸ ਮੌਕੇ ਜ਼ਖ਼ਮੀ ਹੋਏ ਬੱਸ ਕੰਡਕਟਰ ਜੱਜਬੀਰ ਸਿੰਘ ਅਤੇ ਮਹਿੰਦਰਪਾਲ ਸਿੰਘ ਨੇ ਕਿਹਾ ਕਿ ਉਹਨਾਂ ਦੀ ਪੀਆਰਟੀਸੀ ਬੱਸ ਬਰਨਾਲਾ ਤੋਂ ਤਲਵੰਡੀ ਸਾਬੋ ਨੂੰ ਜਾਂਦੀ ਹੈ। ਕੁੱਝ ਨੌਜਵਾਨ ਰੋਜ਼ਾਨਾ ਆ ਕੇ ਬੱਸ ਦੀ ਤਾਕੀ ਵਿੱਚ ਖੜ ਜਾਂਦੇ ਹਨ ਅਤੇ ਬੱਸ ਵਿੱਚ ਚੜ੍ਹ ਰਹੀਆਂ ਸਵਾਰੀਆਂ ਨੁੰ ਪ੍ਰੇਸ਼ਾਨ ਕਰਦੇ ਹਨ। ਉਕਤ ਨੌਜਵਾਨ ਬੱਸ ਵਿੱਚ ਬੈਠ ਕੇ ਕੁੜੀਆਂ ਨਾਲ ਗੱਲਬਾਤ ਕਰਦੇ ਹਨ। ਸਾਡੇ ਵਲੋਂ ਇਹਨਾਂ ਨੌਜਵਾਨਾਂ ਨੂੰ ਰੋਕੇ ਜਾਣ ਤੋਂ ਔਖੇ ਹੋ ਕੇ ਇਹਨਾਂ ਨੌਜਵਾਨਾਂ ਨੇ ਮੈਨੂੰ ਬੱਸ ਵਿੱਚੋਂ ਉਤਾਰ ਕੇ ਮੇਰੀ ਕੁੱਟਮਾਰ ਕਰਨ ਦੀ ਕੋਸਿਸ਼ ਕੀਤੀ। ਮੇਰਾ ਕੈਸ਼ ਬੈਗ ਖੋਹਣ ਦੀ ਕੋਸਿਸ਼ ਕੀਤੀ ਗਈ। ਮੈਨੂੰ ਛੁਡਾਉਣ ਆਏ ਮੇਰੇ ਇੱਕ ਕੰਡਕਟਰ ਸਾਥੀ ਨੂੰ ਵੀ ਕੁੱਟਿਆ ਅਤੇ ਉਸ ਦੇ ਸਿਰ ਵਿੱਚ ਇੱਟ ਮਾਰੀ ਗਈ। ਉਹਨਾਂ ਕਿਹਾ ਕਿ ਅਜੇ ਤੱਕ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਕਰਕੇ ਸਾਡੇ ਪੀਆਰਟੀਸੀ ਮੁਲਾਜ਼ਮਾਂ ਨੇ ਸੰਘਰਸ਼ ਸ਼ੁਰੂ ਕੀਤਾ ਹੈ।
ਬਣਦੀ ਕਾਰਵਾਈ ਨਹੀਂ ਕੀਤੀ ਗਈ: ਇਸ ਮੌਕੇ ਪ੍ਰਦਰਸ਼ਨਕਾਰੀ ਪੀਆਰਟੀਸੀ ਮੁਲਾਜ਼ਮਾਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਬਰਨਾਲਾ ਦੇ ਬੱਸ ਅੱਡੇ ਵਿੱਚ 20 ਦੇ ਕਰੀਬ ਨੌਜਵਾਨਾਂ ਵਲੋਂ ਆ ਕੇ ਉਨ੍ਹਾਂ ਦੇ ਇੱਕ ਪੀਆਰਟੀਸੀ ਬੱਸ ਦੇ ਕੰਡਕਟਰ ਦੀ ਕੁੱਟਮਾਰ ਕੀਤੀ ਗਈ। ਜਿਸ ਤੋਂ ਬਾਅਦ ਸਾਡੀ ਜੱਥੇਬੰਦੀ ਦੇ ਆਗੂ ਨੇ ਪਹੁੰਚ ਕੇ ਕੰਡਕਟਰ ਦਾ ਬਚਾਅ ਕੀਤਾ ਤਾਂ ਉਹਨਾਂ ਨਾਲ ਵੀ ਹਮਲਾਵਰਾਂ ਵਲੋਂ ਕੁੱਟਮਾਰ ਕੀਤੀ ਗਈ। ਉਹਨਾਂ ਕਿਹਾ ਕਿ ਜਖ਼ਮੀ ਕੰਡਕਟਰ ਦੇ ਸਿਰ ਵਿੱਚ ਇੱਟ ਮਾਰ ਕੇ ਗੰਭੀਰ ਜ਼ਖ਼ਮੀ ਕੀਤਾ ਗਿਆ ਹੈ। ਪੁਲਿਸ ਵਲੋਂ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਬਣਦੀ ਕਾਰਵਾਈ ਨਹੀਂ ਕੀਤੀ ਗਈ। ਜਿਸ ਦੇ ਰੋਸ ਵਜੋਂ ਸਾਡੇ ਵਲੋਂ ਬੀਤੇ ਕੱਲ੍ਹ ਸੰਘਰਸ਼ ਦੀ ਚfਤਾਵਨੀ ਦਿੱਤੀ ਗਈ। ਇਸੇ ਤਹਿਤ ਅੱਜ ਬਰਨਾਲਾ ਪੀਆਰਟੀਸੀ ਡੀਪੂ ਨੂੰ ਮੁਕੰਮਲ ਬੰਦ ਕਰਕੇ ਸੰਘਰਸ਼ ਸ਼ੁਰੂ ਕੀਤਾ ਗਿਆ ਹੈ। ਇਸੇ ਦੌਰਾਨ ਡੀਪੂ ਦੇ ਮੈਨੇਜਰ ਵੱਲੋਂ ਸਾਡੇ ਨਾਲ ਮੀਟਿੰਗ ਕੀਤੀ ਜਾ ਰਹੀ ਸੀ। ਜਿਸ ਦੌਰਾਨ ਪੁਲਿਸ ਵਲੋਂ ਧਰਨਾ ਦੇ ਕੇ ਰਹੇ ਸਾਡੇ ਮੁਲਾਜ਼ਮ ਸਾਥੀਆਂ ਨੁੰ ਹਿਰਾਸਤ ਵਿੱਚ ਲੈ ਲਿਆ। ਉਹਨਾਂ ਕਿਹਾ ਕਿ ਜੇਕਰ ਸਾਡੇ ਪੀਆਰਟੀਸੀ ਮੁਲਾਜ਼ਮਾਂ ਨਾਲ ਪੁਲਿਸ ਨੇ ਕੋਈ ਵੀ ਧੱਕੇਸ਼ਾਹੀ ਕੀਤੀ ਤਾਂ ਇਹ ਸੰਘਰਸ਼ ਸਮੁੱਚੇ ਪੰਜਾਬ ਵਿੱਚ ਜਾਵੇਗਾ। ਸਾਡੀ ਮੰਗ ਹੈ ਕਿ ਕੰਡਕਟਰ ਉਪਰ ਹਮਲਾ ਕਰਨ ਵਾਲੇ ਲੋਕਾਂ ਉਪਰ ਸਖ਼ਤ ਤੋਂ ਸਖ਼ਤ ਬਣਦੀ ਕਾਰਵਾਈ ਕੀਤੀ ਜਾਵੇ। ਜੇਕਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਇਹ ਭਲਕੇ ਤੋਂ ਪੂਰੇ ਪੰਜਾਬ ਦੀਆਂ ਸਰਕਾਰੀ ਬੱਸਾਂ ਬੰਦ ਕਰਕੇ ਸੰਘਰਸ਼ ਤੇਜ਼ ਅਤੇ ਤਿੱਖਾ ਕੀਤਾ ਜਾਵੇਗਾ।
- Sri Akal Takhat Sahib Jathedar: ਗਿਆਨੀ ਰਘਬੀਰ ਸਿੰਘ ਹੋਣਗੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਮੀਟਿੰਗ ਦੌਰਾਨ ਲੱਗੀ ਮੋਹਰ
- ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਝੋਨੇ ਦੀ ਲੁਆਈ ਅੱਜ ਤੋਂ ਸ਼ੁਰੂ, ਸੀਐਮ ਮਾਨ ਨੇ ਕੀਤਾ ਟਵੀਟ
- 9th Yoga Day: 21 ਜੂਨ ਨੂੰ ਸੰਯੁਕਤ ਰਾਸ਼ਟਰ ਮਹਾਸਭਾ 'ਚ ਯੋਗਾ ਸੈਸ਼ਨ ਦੀ ਅਗਵਾਈ ਕਰਨਗੇ ਪ੍ਰਧਾਨ ਮੰਤਰੀ ਮੋਦੀ
ਉਥੇ ਪੀਆਰਟੀਸੀ ਮੁਲਾਜ਼ਮਾਂ ਦੇ ਧਰਨੇ ਵਿੱਚ ਪਹੁੰਚੇ ਡਿਊਟੀ ਮੈਜਿਸਟਰੇਟ ਖੇਤਾਬਾੜੀ ਅਫ਼ਸਰ ਸੁਖਪਾਲ ਸਿੰਘ ਨੇ ਕਿਹਾ ਕਿ ਪੀਆਰਟੀਸੀ ਮੁਲਾਜ਼ਮਾਂ ਨੇ ਦੋ ਦਿਨ ਪਹਿਲਾਂ ਇੱਕ ਕੰਡਕਟਰ ਦੀ ਹੋਈ ਕੁੱਟਮਾਰ ਦੇ ਸਬੰਧ ਵਿੱਚ ਬੱਸ ਅੱਡੇ ਦੇ ਗੇਟ ਅੱਗੇ ਧਰਨਾ ਲਗਾਇਆ ਸੀ। ਇਹਨਾਂ ਦੀ ਮੰਗ ਐਫ਼ਆਈਆਰ ਕਰਨ ਦੀ ਹੈ। ਪੁਲਿਸ ਵਲੋਂ ਬਾਕਾਇਦਾ ਇਸ ਮਾਮਲੇ ਵਿੱਚ ਲੜਾਈ ਝਗੜੇ ਵਿੱਚ ਦੋ ਵਿਅਕਤੀਆ ਨੂੰ ਹਿਰਾਸਤ ਵਿੱਚ ਲੈ ਕੇ 7/51 ਤਹਿਤ ਮਾਮਲਾ ਦਰਜ਼ ਕੀਤਾ ਹੈ। ਜਖ਼ਮੀ ਹੋਏ ਮੁਲਾਜ਼ਮਾਂ ਦੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਅਗਲਾ ਕੇਸ ਦਰਜ਼ ਕਰਨ ਦਾ ਭਰੋਸਾ ਇਹਨਾਂ ਨੂੰ ਦਿੱਤਾ ਗਿਆ ਹੈ, ਪਰ ਪੀਆਰਟੀਸੀ ਮੁਲਾਜ਼ਮਾਂ ਵਲੋਂ ਦਿੱਤੇ ਗਏ ਧਰਨੇ ਕਾਰਨ ਲੋਕਾਂ ਨੁੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ। ਇਹਨਾਂ ਨੂੰ ਦੋ ਮਿੰਟ ਦਾ ਸਮਾਂ ਦੇ ਕੇ ਧਰਨਾ ਚੁੱਕਣ ਲਈ ਕਿਹਾ ਸੀ ਪਰ ਪੀਆਰਟੀਸੀ ਮੁਲਾਜ਼ਮਾਂ ਨੇ ਪ੍ਰਸ਼ਾਸ਼ਨ ਦੀ ਨਹੀਂ ਮੰਨੀ। ਜਿਸ ਕਰਕੇ ਇਹਨਾਂ ਪ੍ਰਦਰਸ਼ਨਕਾਰੀਆਂ ਨੁੰ ਧਰਨੇ ਤੋਂ ਹਿਰਾਸਤ ਵਿੱਚ ਲੈ ਕੇ ਥਾਣਾ ਸਿਟੀ ਵਿਖੇ ਲਿਜਾਇਆ ਗਿਆ ਹੈ। ਇਸ ਜਗ੍ਹਾ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ ਤਾਂ ਕਿ ਕਿਸੇ ਨੂੰ ਕੋਈ ਪ੍ਰੇਸਾ਼ਨੀ ਨਾ ਆਵੇ।