ਬਰਨਾਲਾ : ਬਰਨਾਲਾ ਦੇ ਬਿਜਲੀ ਵਿਭਾਗ ਦੇ ਦਫ਼ਤਰ ਵਿੱਚ ਬਿਜਲੀ ਮੁਲਾਜ਼ਮਾਂ ਅਤੇ ਹੋਰ ਜਥੇਬੰਦੀਆਂ ਨੇ ਸਹਾਇਕ ਲਾਈਨਮੈਨਾਂ ਖ਼ਿਲਾਫ਼ ਦਰਜ ਕੀਤੇ ਕੇਸਾਂ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਹੈ। ਪ੍ਰਦਰਸ਼ਨਕਾਰੀਆਂ ਨੇ ਬਿਜਲੀ ਮੁਲਾਜ਼ਮਾਂ ਉਪਰ ਦਰਜ਼ ਕੀਤੇ ਕੇਸ ਦਰਜ਼ ਕਰਨ ਦੀ ਮੰਗ ਕੀਤੀ ਅਤੇ ਮੰਗ ਨਾ ਮੰਨੇ ਜਾਣ ਤੇ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ ਵੀ ਦਿੱਤੀ।
ਗਲਤ ਤਰੀਕੇ ਨਾਲ ਦਰਜ ਕੀਤੇ ਗਏ ਮਾਮਲੇ : ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਜਲੀ ਵਿਭਾਗ ਕਰਮਚਾਰੀ ਯੂਨੀਅਨ ਦੇ ਆਗੂ ਦਰਸ਼ਨ ਸਿੰਘ, ਹਰਜਿੰਦਰ ਸਿੰਘ ਅਤੇ ਮਹਿੰਦਰ ਸਿੰਘ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕ੍ਰਾਈਮ ਬ੍ਰਾਂਚ ਵਲੋਂ ਮੋਹਾਲੀ 'ਚ ਸਹਾਇਕ ਲਾਈਨਮੈਨਾਂ 'ਤੇ ਜੋ ਮਾਮਲਾ ਦਰਜ ਕੀਤਾ ਗਿਆ ਹੈ, ਉਹ ਸਰਾਸਰ ਗਲਤ ਹੈ ਅਤੇ ਇਸ ਦੇ ਵਿਰੋਧ 'ਚ ਅੱਜ ਵੱਖ-ਵੱਖ ਜਥੇਬੰਦੀਆਂ ਵਲੋਂ ਬਰਨਾਲਾ 'ਚ ਬਿਜਲੀ ਵਿਭਾਗ ਦੇ ਦਫਤਰ 'ਚ ਪੰਜਾਬ ਸਰਕਾਰ, ਕ੍ਰਾਈਮ ਬ੍ਰਾਂਚ ਅਤੇ ਪਾਵਰਕਾਮ ਮੈਨੇਜਮੈਂਟ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।
ਫਰਜੀ ਦੱਸ ਕੇ ਦਰਜ ਹੋਏ ਮਾਮਲੇ : ਇਸ ਮੌਕੇ ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਮੈਨੇਜਮੈਂਟ ਵੱਲੋਂ ਲਾਈਨਮੈਨਾਂ ਨੂੰ ਸਹਾਇਕ ਲਾਈਨਮੈਨ ਰੱਖਿਆ ਗਿਆ ਸੀ ਅਤੇ ਸਾਰੇ ਸਹਾਇਕ ਲਾਈਨਮੈਨਾਂ ਦੇ ਆਈ.ਟੀ.ਆਈ ਸਰਟੀਫਿਕੇਟ ਬਿਲਕੁਲ ਅਸਲੀ ਹਨ ਅਤੇ ਉਹ ਪਿਛਲੇ ਤਿੰਨ-ਚਾਰ ਸਾਲਾਂ ਤੋਂ ਬਿਜਲੀ ਵਿਭਾਗ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕੋਲ ਤਜ਼ਰਬੇ ਦੇ ਸਰਟੀਫਿਕੇਟ ਹਨ। ਕ੍ਰਾਈਮ ਬ੍ਰਾਂਚ ਵੱਲੋਂ ਉਨ੍ਹਾਂ ਨੂੰ ਫਰਜ਼ੀ ਦੱਸ ਕੇ ਮਾਮਲਾ ਦਰਜ ਕੀਤਾ ਗਿਆ ਹੈ, ਜੋ ਕਿ ਸਰਾਸਰ ਗਲਤ ਹੈ। ਉਹਨਾਂ ਕਿਹਾ ਕਿ ਇਸ ਧੱਕੇਸ਼ਾਹੀ ਵਿਰੁੱਧ ਬਿਜਲੀ ਮੁਲਾਜ਼ਮਾਂ ਦੀਆਂ ਸਾਰੀਆਂ ਜੱਥੇਬੰਦੀਆਂ ਇਸ ਮਾਮਲੇ ਤੇ ਇੱਕ ਝੰਡੇ ਹੇਠ ਲਾਮਬੰਦ ਹਨ।
ਇਹ ਵੀ ਪੜ੍ਹੋ : PTET: ਟੈਟ ਦੇ ਪੇਪਰ ਵਿੱਚ ਖਾਮੀਆਂ ਦਾ ਸੱਚ, ਪ੍ਰੀਖਿਆਰਥੀਆਂ ਨੇ ਮੁੜ ਟੈਸਟ ਲੈਣ ਦੀ ਮੰਗ ਕੀਤੀ, CM ਵੱਲੋਂ ਜਾਂਚ ਦੇ ਹੁਕਮ
ਉਹਨਾਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਘਰ-ਘਰ ਰੁਜ਼ਗਾਰ ਦੇਣ ਦਾ ਦਾਅਵਾ ਕਰ ਰਹੀ ਹੈ, ਜਦਕਿ ਦੂਜੇ ਪਾਸੇ ਪੰਜਾਬ ਦੇ ਸੈਂਕੜੇ ਨੌਜਵਾਨਾਂ ਉਪਰ ਪਰਚੇ ਦਰਜ਼ ਕਰਕੇ ਉਹਨਾਂ ਦੇ ਘਰਾਂ ਦੇ ਚੁੱਲ੍ਹੇ ਠੰਢੇ ਕੀਤੇ ਜਾ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਮੁਲਾਜ਼ਮਾਂ ਵਿਰੁੱਧ ਪਰਚੇ ਦਰਜ਼ ਕਰਕੇ ਕੀਤੀ ਗਈ ਧੱਕੇਸ਼ਾਹੀ ਵਿਰੁੱਧ ਆਪਣੇ ਆਪ ਐਕਸ਼ਨ ਲੈ ਕੇ ਪਰਚੇ ਵਾਪਸ ਲੈਣੇ ਚਾਹੀਦੇ ਹਨ। ਜਦਕਿ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਵੱਲੋਂ ਉਪਰੋਕਤ ਸਹਾਇਕ ਲਾਈਨਮੈਨ 'ਤੇ ਦਰਜ ਕੀਤੇ ਗਏ ਕੇਸ ਵਾਪਸ ਨਾ ਲਏ ਗਏ ਤਾਂ ਆਉਣ ਵਾਲੇ ਦਿਨਾਂ 'ਚ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਖਿਲਾਫ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਸਰਕਾਰ ਦੇ ਖਿਲਾਫ ਨਾਅਰੇਬਾਜੀ ਵੀ ਕੀਤੀ ਗਈ।