ਚੰਡੀਗੜ੍ਹ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਇਸੇ ਸੰਘਰਸ਼ ਤਹਿਤ ਪੰਜਾਬ ਭਰ 'ਚ ਕਿਸਾਨ ਮਹਿਲਾ ਦਿਵਸ ਮਨਾਇਆ ਗਿਆ। ਪੰਜਾਬ 'ਚ ਕਿਸਾਨ ਮਹਿਲਾ ਦਿਵਸ ਮੌਕੇ ਕੀਤੇ ਜਾ ਰਹੇ ਸਮਾਗਮ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ। ਖੇਤੀ ਕਾਨੂੰਨ ਰੱਦ ਹੋਣ ਤੱਕ ਔਰਤਾਂ ਵੱਲੋਂ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ।
ਪੰਜਾਬ ਦੇ ਵੱਖ-ਵੱਖ ਹਿੱਸਿਆ 'ਚ ਕਿਸਾਨੀ ਮਹਿਲਾ ਦਿਵਸ ਮੌਕੇ ਰੋਸ ਪ੍ਰਦਰਸ਼ਨ...
ਮੋਢੇ ਨਾਲ ਮੋਢਾ ਲਾ ਕੇ ਇਕਜੁੱਟ ਮਹਿਲਾਵਾਂ
ਅੰਮ੍ਰਿਤਸਰ ਦੇ ਭੰਡਾਰੀ ਪੁਲ 'ਤੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਆ ਕੇ ਖੇਤੀ ਸੁਧਾਰ ਬਿੱਲਾਂ ਦਾ ਵਿਰੋਧ ਕੀਤਾ। ਮਹਿਲਾਵਾਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਇਹ ਖੇਤੀ ਸੁਧਾਰ ਬਿੱਲ ਰੱਦ ਨਹੀਂ ਹੁੰਦੇ ਓਨੀ ਦੇਰ ਤੱਕ ਉਹ ਵੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਕਜੁੱਟਤਾ ਦਿਖਾਉਣਗੀਆਂ। 26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਮਾਰਚ ਵਿੱਚ ਮਹਿਲਾਵਾਂ ਵੀ ਵੱਡੀ ਗਿਣਤੀ ਵਿੱਚ ਜਾਣਗੀਆਂ। ਹੁਣ ਐਨਆਈਏ ਵੱਲੋਂ ਕੀਤੇ ਜਾ ਰਹੇ ਨੋਟਿਸਾਂ 'ਤੇ ਮਹਿਲਾਵਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਬੁਖਲਾਹਟ ਚ ਆ ਗਈ ਹੈ ਅਤੇ ਹੁਣ ਉਹ ਏਜੰਸੀਆਂ ਦਾ ਸਹਾਰਾ ਲੈ ਕੇ ਆਪਣੀ ਹੋਂਦ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਦੂਜੇ ਪਾਸੇ ਅੰਮ੍ਰਿਤਸਰ ਦੇ ਟੋਲ ਪਲਾਜ਼ਾ ‘ਤੇ ਬੈਠੇ ਕਿਸਾਨ ਪਿਛਲੇ ਚਾਰ ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੇ ਹਨ ਅਤੇ ਉਨ੍ਹਾਂ ਦੀ ਇੱਕੋ ਮੰਗ ਹੈ ਕਿ ਮੋਦੀ ਸਰਕਾਰ ਖੇਤੀਬਾੜੀ ਕਾਨੂੰਨ ਵਾਪਸ ਲਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਵੀ ਮਰਨ ਵਰਤ ‘ਤੇ ਬੈਠਣਗੇ।
ਬਰਨਾਲਾ 'ਚ ਹਜ਼ਾਰਾਂ ਦੀ ਗਿਣਤੀ ਵਿੱਚ ਔਰਤਾਂ ਨੇ ਕੀਤੀ ਸ਼ਮੂਲੀਅਤ
ਬਰਨਾਲਾ 'ਚ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਿਸਾਨੀ ਮਹਿਲਾ ਦਿਵਸ ਕਸਬਾ ਧਨੌਲਾ ਵਿਖੇ ਮਨਾਇਆ ਗਿਆ। ਕਿਸਾਨ ਜਥੇਬੰਦੀ ਵੱਲੋਂ 5 ਜ਼ਿਲਿਆਂ ਦਾ ਇਕੱਠ ਕਰਕੇ ਮਹਿਲਾ ਦਿਵਸ ਮਨਾਇਆ ਗਿਆ। ਇਸ ਸਮਾਗਮ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ।
ਔਰਤ ਦਿਵਸ ਨੂੰ ਸਮਰਪਿਤ ਭੁੱਖ ਹੜਤਾਲ ਵਿੱਚ ਬੈਠਣ ਵਾਲੇ ਜਥੇ ਵਿੱਚ ਸਿਰਫ਼ ਕਿਸਾਨ ਔਰਤਾਂ ਦਾ ਕਾਫਿਲਾ ਹੀ ਸ਼ਾਮਿਲ ਸੀ। ਜੱਥੇ ਵਿੱਚ ਤੇਜਪਾਲ ਕੌਰ, ਗੁਰਪ੍ਰੀਤ ਕੌਰ, ਕਰਨੈਲ ਕੌਰ, ਬਲਜੀਤ ਕੌਰ, ਮਨਜੀਤ ਕੌਰ, ਅਮਰਜੀਤ ਕੌਰ, ਦਲਜੀਤ ਕੌਰ, ਮਨਜੀਤ ਕੌਰ, ਮਹਿੰਦਰ ਕੌਰ ਅਤੇ ਮਨਜੀਤ ਕੌਰ ਆਦਿ ਕਿਸਾਨ ਔਰਤਾਂ ਨੇ ਭਾਗ ਲਿਆ।
ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ
ਨਾਭਾ ਵਿਖੇ ਕਿਸਾਨ ਔਰਤਾਂ ਵੱਲੋਂ ਮਹਿਲਾ ਕਿਸਾਨ ਦਿਵਸ ਮਨਾ ਕੇ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਚਿਤਾਵਨੀ ਦਿੱਤੀ ਗਈ ਕਿ ਇਹ ਕਾਲੇ ਕਾਨੂੰਨ ਵਾਪਸ ਨਾ ਹੋਏ ਤਾਂ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਅਤੇ 26 ਜਨਵਰੀ ਨੂੰ ਟਰੈਕਟਰ ਪਰੇਡ ਵਿੱਚ ਵੱਧ ਚੜ੍ਹ ਕੇ ਔਰਤਾਂ ਹਿੱਸਾ ਲੈਣਗੀਆਂ। ਇੱਕ ਪਾਸੇ ਜਿਥੇ 53 ਦਿਨਾਂ ਤੋਂ ਕਿਸਾਨ ਆਗੂ ਲਗਾਤਾਰ ਦਿੱਲੀ ਬਾਰਡਰਾਂ ਤੇ ਕੇਂਦਰ ਸਰਕਾਰ ਖ਼ਿਲਾਫ਼ ਧਰਨੇ ਦੇ ਰਹੇ ਹਨ ਉਥੇ ਹੀ ਦਿੱਲੀ ਵਿਖੇ ਔਰਤਾਂ ਵੀ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾ ਰਹੀਆਂ ਹਨ।
ਰੈਲੀ ਦਾ ਆਯੋਜਨ
ਅਮਲੋਹ ਵਿੱਚ ਵੀ ਕਿਸਾਨ ਸੰਘਰਸ਼ ਕਮੇਟੀ ਵੱਲੋਂ ਮਹਿਲਾ ਦਿਵਸ ਮਨਾਉਂਦੇ ਹੋਏ ਰੈਲੀ ਕੱਢੀ ਗਈ। ਇਸ ਮੌਕੇ ਮਹਿਲਾਵਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਮੋਦੀ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਉਦੋਂ ਤੱਕ ਉਹ ਸੰਘਰਸ਼ ਜਾਰੀ ਰੱਖਣਗੇ ਅਤੇ ਕਿਸਾਨਾਂ ਭਰਾਵਾਂ ਦਾ ਸਹਿਯੋਗ ਦੇਣਗੇ। 26 ਜਨਵਰੀ ਹੋਣ ਵਾਲੇ ਟਰੈਕਟਰ ਮਾਰਚ ਦੇ ਵੀ ਮਹਿਲਾਵਾਂ ਵੱਡੀ ਗਿਣਤੀ ਪਹੁੰਚਣ ਗਈਆਂ।
ਮੋਦੀ ਸਰਕਾਰ ਦਾ ਕੀਤਾ ਪਿੱਟ ਸਿਆਪਾ
ਫ਼ਰੀਦਕੋਟ ਵਿੱਚ ਵੀ ਕਿਸਾਨ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਫ਼ਰੀਦਕੋਟ ਦੇ ਬਾਹਰ ਧਰਨਾ ਲਗਾ ਕੇ ਕਿਸਾਨ ਮਹਿਲਾ ਦਿਵਸ ਮਨਾਇਆ ਗਿਆ। ਇਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਮਹਿਲਾਵਾਂ ਨੇ ਹਿੱਸਾ ਲਿਆ ਅਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਨਰਿੰਦਰ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ।
ਸੁਰਜੀਤ ਜਿਆਣੀ ਤੇ ਕੇਂਦਰ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਨ
ਕਿਸਾਨ ਨਾਰੀ ਸ਼ਕਤੀ ਦਿਵਸ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਭਾਜਪਾ ਦੇ ਸੀਨੀਅਰ ਲੀਡਰ ਅਤੇ ਸਰਕਾਰ ਵੱਲੋਂ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਲਈ ਬਣਾਈ ਗਈ ਕਮੇਟੀ ਦੇ ਚੇਅਰਮੈਨ ਸੁਰਜੀਤ ਕੁਮਾਰ ਜਿਆਣੀ ਦੇ ਜੱਦੀ ਪਿੰਡ ਕਟੈਹੜਾ ਵਿੱਚ ਵੱਡੀ ਗਿਣਤੀ ਵਿੱਚ ਇਕੱਠੀਆਂ ਹੋਈਆਂ। ਔਰਤਾਂ ਵੱਲੋਂ ਕਿਸਾਨ ਨਾਰੀ ਸ਼ਕਤੀ ਦੇ ਨਾਅਰੇ ਹੇਠਾਂ ਭਾਜਪਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਅਤੇ ਕੇਂਦਰ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਈਆਂ। ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੀਆਂ ਹੋਈਆਂ ਔਰਤਾਂ ਵੱਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਕੇਂਦਰ ਸਰਕਾਰ ਤੋਂ ਖੇਤੀ ਕਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ।
ਕੇਂਦਰ ਦੇ ਅੜੀਅਲ ਰਵੱਈਏ ਨੂੰ ਭੰਨ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਮੁੱਖ ਟੀਚਾ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਮਾਨਸਾ ਦੇ ਪਿੰਡ ਚਕੇਰੀਆਂ ਵਿੱਚ ਲੋਕਾਂ ਨੂੰ ਲਾਮਬੰਦ ਕਰਨ ਲਈ ਮੀਟਿੰਗ ਕਰਕੇ ਦਿੱਲੀ ਜਾਣ ਦਾ ਹੋਕਾ ਦਿੱਤਾ। ਇਸ ਮੌਕੇ ਜਿੱਥੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਉਥੇ ਹੀ ਕਿਸਾਨ ਆਗੂਆਂ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਵੱਡੀ ਗਿਣਤੀ ਵਿੱਚ ਟਰੈਕਟਰਾਂ ਰਾਹੀਂ 26 ਨੂੰ ਦਿੱਲੀ ਚਲੋ ਤਾਂ ਜੋ ਕੇਂਦਰ ਦੀ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਨੂੰ ਭੰਨ ਕੇ ਖੇਤੀ ਕਾਨੂੰਨ ਰੱਦ ਕੀਤੇ ਜਾ ਸਕਣ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਦਿੱਲੀ ਜਾਣ ਦਾ ਸੱਦਾ ਦੇ ਰਹੇ ਹਨ ਅਤੇ 26 ਤਾਰੀਖ਼ ਨੂੰ ਮਾਨਸਾ ਜ਼ਿਲ੍ਹੇ ਦੇ ਵੱਡੀ ਗਿਣਤੀ ਵਿੱਚ ਟਰੈਕਟਰਾਂ ਦਾ ਮਾਰਚ ਦਿੱਲੀ ਪਹੁੰਚ ਕੇ ਕੇਂਦਰ ਦੀ ਮੋਦੀ ਸਰਕਾਰ ਨੂੰ ਖੇਤੀ ਨੂੰ ਰੱਦ ਕਰਵਾਉਣ ਲਈ ਗੋਡਿਆਂ ਭਾਰ ਕਰੇਗਾ।