ਬਰਨਾਲਾ: ਨਿੱਜੀ ਐਂਬੂਲੈਂਸ ਡਰਾਈਵਰਾਂ ਨੇ ਸਰਕਾਰੀ ਹਸਪਤਾਲ ਦੇ ਸਿਵਲ ਸਰਜਨ ਬਰਨਾਲਾ ਨੂੰ ਸਰਕਾਰੀ ਐਂਬੂਲੈਂਸ ਡਰਾਈਵਰ ਵਿਰੁੱਧ ਮੰਗ-ਪੱਤਰ ਦਿੱਤਾ। ਨਿੱਜੀ ਐਂਬੂਲੈਂਸ ਡਰਾਈਵਰਾਂ ਨੇ ਦੋਸ਼ ਲਾਏ ਹਨ ਕਿ ਸਰਕਾਰੀ ਐਂਬੂਲੈਂਸ ਡਰਾਈਵਰ ਦੀ ਡਿਊਟੀ ਕੋਰੋਨਾ ਵਾਇਰਸ ਦੇ ਸੈਂਪਲ ਲਿਜਾਣ ਦੀ ਹੈ। ਪਰ ਸਰਕਾਰੀ ਐਂਬੂਲੈਂਸ ਵਿੱਚ ਮਰੀਜ਼ਾਂ ਨੂੰ ਲਿਜਾ ਕੇ ਡਰਾਈਵਰ ਆਪਣੀ ਜੇਬ ਭਰ ਰਿਹਾ ਹੈ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਸਰਕਾਰੀ ਐਂਬੂਲੈਂਸ ਦੇ ਡਰਾਈਵਰ ਵਿਰੁੱਧ ਕਾਰਵਾਈ ਨਾ ਕੀਤੀ ਗਈ ਤਾਂ ਨਿੱਜੀ ਐਂਬੂਲੈਂਸ ਡਰਾਇਵਰਾਂ ਵੱਲੋਂ ਪੂਰੇ ਪੰਜਾਬ ਵਿੱਚ ਚੱਕਾ ਜਾਮ ਕੀਤਾ ਜਾਵੇਗਾ। ਜਿਸ ਦੀ ਬਰਨਾਲਾ ਦੇ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਹੋਵੇਗੀ। ਨਿੱਜੀ ਡਰਾਈਵਰਾਂ ਨੇ ਸੀਸੀਟੀਵੀ ਫੁਟੇਜ ਵੀ ਦਿਖਾਈ, ਜਿਸ ਵਿੱਚ ਸਰਕਾਰੀ ਹਸਪਤਾਲ ਦੀ ਐਂਬੂਲੈਂਸ ਦਾ ਡਰਾਈਵਰ ਮਰੀਜ਼ ਨੂੰ ਐਂਬੂਲੈਂਸ ਅੰਦਰ ਬਿਠਾ ਰਿਹਾ ਹੈ।
ਇਸ ਮਾਮਲੇ 'ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਨਿੱਜੀ ਐਂਬੂਲੈਂਸ ਯੂਨੀਅਨ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ, ਐਂਬੂਲੈਂਸ ਡਰਾਈਵਰ ਆਸ਼ੂ ਅਤੇ ਪਰਮਜੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਐਂਬੂਲੈਂਸਾਂ ਵਿਚ ਕੋਰੋਨਾ ਦੇ ਸੈਂਪਲ ਲਏ ਜਾਂਦੇ ਹਨ ਅਤੇ ਮਰੀਜ਼ਾਂ ਨੂੰ ਇਕੋ ਐਂਬੂਲੈਂਸ ਵਿਚ ਲਿਜਾਇਆ ਜਾ ਰਿਹਾ ਹੈ। ਜਿਸ ਨਾਲ ਕੋਰੋਨਾ ਫੈਲਣ ਦਾ ਖ਼ਤਰਾ ਵਧ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਸਰਕਾਰੀ ਐਂਬੂਲੈਂਸ ਦੇ ਡਰਾਈਵਰ ਨੇ ਨਿੱਜੀ ਐਂਬੂਲੈਂਸ ਦੇ ਡਰਾਈਵਰਾਂ ਨਾਲ ਦੁਰਵਿਵਹਾਰ ਵੀ ਕੀਤਾ, ਜਿਸ ਦੀ ਸ਼ਿਕਾਇਤ ਇੱਕ ਮਹੀਨਾ ਪਹਿਲਾਂ ਬਰਨਾਲਾ ਦੇ ਸਿਵਲ ਸਰਜਨ ਨੂੰ ਦਿੱਤੀ ਗਈ ਸੀ, ਪਰ ਉਸ 'ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਉੱਧਰ ਇਸ ਮਾਮਲੇ 'ਤੇ ਬਰਨਾਲਾ ਦੇ ਸਰਕਾਰੀ ਹਸਪਤਾਲ ਦੇ ਐਸ.ਐਮ.ਓ ਡਾ.ਤਪਿੰਦਰ ਜੋਤ ਨੇ ਦੱਸਿਆ ਕਿ ਸਰਕਾਰੀ ਐਂਬੂਲੈਂਸ ਦੇ ਡਰਾਈਵਰ ਵਿਰੁੱਧ ਸ਼ਿਕਾਇਤ ਸਿਵਲ ਸਰਜਨ ਬਰਨਾਲਾ ਕੋਲ ਆਈ, ਜਿਸ ਨੂੰ ਸਿਵਲ ਸਰਜਨ ਬਰਨਾਲਾ ਨੇ ਜਾਂਚ ਲਈ ਭੇਜਿਆ ਹੈ। ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਸ ਦੀ ਰਿਪੋਰਟ ਸਿਵਲ ਸਰਜਨ ਬਰਨਾਲਾ ਨੂੰ ਸੌਂਪੀ ਜਾਵੇਗੀ।