ਬਰਨਾਲਾ: ਦੇਸ਼ ਭਰ ਵਿੱਚ 15 ਅਗਸਤ ਨੂੰ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਜਾਣਾ ਹੈ। ਇਸ ਦੀਆਂ ਤਿਆਰੀਆਂ ਅਲੱਗ ਅਲੱਗ ਜ਼ਿਲ੍ਹਾ ਪੱਧਰ ਉੱਤੇ ਜਾਰੀ ਹਨ। ਉੱਥੇ ਇਨ੍ਹਾਂ ਆਜ਼ਾਦੀ ਦੇ ਜਸ਼ਨਾਂ ਦਰਮਿਆਨ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਪੁਲਿਸ ਪ੍ਰਸ਼ਾਸ਼ਨ ਵੀ ਚੌਕਸ ਹੋ ਗਿਆ ਹੈ। ਇਸ ਤਹਿਤ ਬਰਨਾਲਾ ਪੁਲਿਸ ਵਲੋਂ ਅੱਜ ਤੋਂ ਜਿਲ੍ਹੇ ਭਰ ਵਿੱਚ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਹੈ। ਇਸੇ ਤਹਿਤ ਹੀ ਅੱਜ ਬਰਨਾਲਾ ਦੇ ਡੀਐਸਪੀ ਗੁਰਬਚਨ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਵਲੋਂ ਬਰਨਾਲਾ ਸ਼ਹਿਰ ਦੀਆਂ ਜਨਤਕ ਥਾਵਾਂ ਉੱਤੇ ਚੈਕਿੰਗ ਕੀਤੀ ਗਈ।
ਥਾਣਾ ਸਿਟੀ ਬਰਨਾਲਾ, ਥਾਣਾ ਸਿਟੀ ਬਰਨਾਲਾ-2 ਅਤੇ ਥਾਣਾ ਸਦਰ ਬਰਨਾਲਾ ਦੀ ਪੁਲਿਸ ਪਾਰਟੀ ਸਮੇਤ ਸ਼ਹਿਰ ਦੇ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਬਾਜ਼ਾਰਾਂ ਵਿੱਚ ਚੈਕਿੰਗ ਕੀਤੀ ਗਈ। ਇਸ ਦੌਰਾਨ ਜਿੱਥੇ ਵਹੀਕਲਾਂ ਦੀ ਚੈਕਿੰਗ ਕੀਤੀ ਗਈ, ਉਥੇ ਰੇਲਵੇ ਸਟੇਸ਼ਨ ਅਤੇ ਬੱਸ ਅੱਡੇ ਉਪਰ ਖੜੇ ਲੋਕਾਂ ਦੇ ਬੈਗ ਅਤੇ ਸਮਾਨ ਦੀ ਤਲਾਸ਼ੀ ਵੀ ਲਈ ਗਈ।
ਆਜ਼ਾਦੀ ਦਿਹਾੜਾ ਮਨਾਉਣ ਦੀਆਂ ਤਿਆਰੀਆਂ: ਇਸ ਸਬੰਧੀ ਗੱਲਬਾਤ ਕਰਦਿਆਂ ਡੀਐਸਪੀ ਗੁਰਬਚਨ ਸਿੰਘ ਨੇ ਕਿਹਾ ਕਿ ਡੀਜੀਪੀ ਪੰਜਾਬ ਅਤੇ ਐਸਐਸਪੀ ਬਰਨਾਲਾ ਦੇ ਆਦੇਸ਼ਾਂ ਤਹਿਤ 15 ਅਗਸਤ ਦੇ ਮੱਦੇਨਜ਼ਰ ਬਰਨਾਲਾ ਪੁਲਿਸ ਨੇ ਇਹ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ 15 ਅਗਸਤ ਦੇ ਆਜ਼ਾਦੀ ਦਿਹਾੜੇ ਮੌਕੇ ਸਮੁੱਚਾ ਦੇਸ਼ ਜਸ਼ਨ ਮਨਾਉਂਦਾ ਹੈ। ਪਰ, ਇਸ ਦੇ ਉਲਟ ਕੁੱਝ ਦੇਸ਼ ਅਤੇ ਸਮਾਜ ਵਿਰੋਧੀ ਲੋਕ ਇਨ੍ਹਾਂ ਸਮਾਗਮ ਮੌਕੇ ਫ਼ਾਇਦਾ ਚੁੱਕਦਿਆਂ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ। ਜਿਨ੍ਹਾਂ ਉਪਰ ਕਾਬੂ ਪਾਉਣ ਲਈ ਬਰਨਾਲਾ ਪੁਲਿਸ ਤਿਆਰ ਬਰ ਤਿਆਰ ਹੈ।
ਆਮ ਜਨਤਾ ਨੂੰ ਵੀ ਅਪੀਲ: ਡੀਐਸਪੀ ਗੁਰਬਚਨ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਅੱਜ ਸਾਰੀਆਂ ਜਨਤਕ ਥਾਵਾਂ 'ਤੇ ਚੈਕਿੰਗ ਕੀਤੀ ਜਾ ਰਹੀ ਹੈ। ਹਰ ਸਮਾਜ ਵਿਰੋਧੀ ਅਨਸਰ ਉਪਰ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੱਸ ਸਟੈਂਡ, ਰੇਲਵੇ ਸਟੇਸ਼ਨ ਬਾਜ਼ਾਰਾਂ ਤੋਂ ਇਲਾਵਾ ਵੱਖ-ਵੱਖ ਥਾਵਾਂ 'ਤੇ ਪੁਲਿਸ ਨੇ ਵੱਲੋਂ ਚੈਕਿੰਗ ਕੀਤੀ ਹੈ। ਕਿਸੇ ਵੀ ਵਿਅਕਤੀ ਨੂੰ ਅਮਨ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜੇਕਰ ਕੋਈ ਵਿਅਕਤੀ ਸਮਾਜ ਵਿਰੋਧੀ ਗਤੀਵਿਧੀ ਕਰਦਾ ਹੈ, ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਜਿਸ ਕਾਰਨ ਆਮ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਪੁਲਿਸ ਲੋਕਾਂ ਦੀ ਸੁਰੱਖਿਆ ਲਈ 24 ਘੰਟੇ ਤਿਆਰ ਹੈ। ਉਨ੍ਹਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਜਾਂ ਵਸਤੂ ਉਨ੍ਹਾਂ ਦੇ ਧਿਆਨ ਵਿੱਚ ਆਉਂਦੀ ਹੈ, ਤਾਂ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ।