ਬਰਨਾਲਾ: ਬਰਨਾਲਾ ਦੇ ਇੱਕ ਸਰਕਾਰੀ ਰਾਸ਼ਨ ਡੀਪੂ ਉੱਤੇ ਘਟੀਆ ਕਿਸਮ ਦੀ ਕਣਕ ਵੰਡੇ ਜਾਣ ਨੂੰ ਲੈ ਕੇ ਹੰਗਾਮਾ ਹੋ ਗਿਆ। ਕਣਕ ਲੈਣ ਆਏ ਲੋਕਾਂ ਨੇ ਘਟੀਆ ਕਣਕ ਵੰਡੇ ਜਾਣ ਨੂੰ ਲੈਣ ਕੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਵੀ ਜ਼ਾਹਰ ਕੀਤਾ।
ਲੋਕਾਂ ਨੇ ਦੋਸ਼ ਲਗਾਇਆ ਕਿ ਸਰਕਾਰੀ ਡੀਪੂ 'ਤੇ ਪਹੁੰਚੀ ਕਣਕ ਬੇਹੱਦ ਘਟੀਆ ਕਿਸਮ ਦੀ ਹੈ, ਜਿਸ ਨੂੰ ਸੁਸਰੀ ਲੱਗੀ ਹੋਈ ਹੈ। ਗਰੀਬ ਲੋਕਾਂ ਨੇ ਕਿਹਾ ਕਿ ਜਦੋਂ ਕਣਕ ਉਨ੍ਹਾਂ ਲਈ ਸਰਕਾਰ ਨੇ ਭੇਜੀ ਹੈ, ਉਹ ਇਨਸਾਨ ਤਾਂ ਦੂਰ ਜਾਨਵਰ ਵੀ ਨਹੀਂ ਖਾ ਸਕਦੇ। ਉਨ੍ਹਾਂ ਕਿਹਾ ਕਿ ਸਰਕਾਰ ਅਜਿਹਾ ਘਟੀਆ ਰਾਸ਼ਨ ਭੇਜ ਕੇ ਉਨ੍ਹਾਂ ਨਾਲ ਕੋਝਾ ਮਜ਼ਾਕ ਕਰ ਰਹੀ ਹੈ।
ਸਰਕਾਰੀ ਡੀਪੂ ਹੋਲਡਰ ਨਾਲ ਗੱਲ ਹੋਈ ਤਾਂ ਉਸ ਨੇ ਇਹ ਕਬੂਲ ਕੀਤਾ ਕਿ ਕਣਕ ਖ਼ਰਾਬ ਹੈ। ਡੀਪੂ ਹੋਲਡਰ ਨੇ ਦੱਸਿਆ ਕਿ ਉਸ ਦੇ ਕੋਲ ਅੱਜ 98 ਕੁਵਿੰਟਲ ਦੇ ਕਰੀਬ ਕਣਕ ਦੀਆਂ ਬੋਰੀਆਂ ਆਈਆਂ ਹਨ। ਜਿਸ ਵਿਚੋਂ ਉਸ ਨੇ 12 ਕੁਇੰਟਲ ਦੇ ਕਰੀਬ ਕਣਕ ਪਰਿਵਾਰਾਂ ਵਿੱਚ ਵੰਡ ਦਿੱਤੀਆਂ ਹਨ। ਉਸ ਨੇ ਦੱਸਿਆ ਕਿ ਸਰਕਾਰ ਨੇ ਸਾਡੇ ਕੋਲ ਇਸ ਕਿਸਮ ਦੀ ਕਣਕ ਭੇਜੀ ਹੈ, ਉਸ ਨੂੰ ਹੀ ਅਸੀਂ ਵੰਡ ਰਹੇ ਹਾਂ। ਲੇਕਿਨ ਹੁਣ ਲੋਕਾਂ ਦਾ ਇਤਰਾਜ਼ ਹੋ ਰਿਹਾ ਹੈ, ਜਿਸਦੇ ਚਲਦੇ ਇਸਨੂੰ ਵਾਪਸ ਕੀਤਾ ਜਾਵੇਗਾ।
ਇਹ ਵੀ ਪੜ੍ਹੋ:ਪੰਜਾਬ ਕਾਂਗਰਸ ਵਿਵਾਦ: ਤਿੰਨ ਮੈਂਬਰੀ ਕਮੇਟੀ ਦੀ ਰਾਹੁਲ ਗਾਂਧੀ ਦੇ ਨਾਲ ਮੁੜ ਮੀਟਿੰਗ
ਇਸ ਗਲੀ ਸੜੀ ਕਣਕ ਨੂੰ ਜ਼ਿਲ੍ਹਾ ਫੂਡ ਸਪਲਾਈ ਅਧਿਕਾਰੀ ਦੇ ਸਾਹਮਣੇ ਰੱਖਿਆ ਤਾਂ ਅਧਿਕਾਰੀ ਇਸ ਘਟੀਆ ਕਣਕ ਨੂੰ ਦੇਖਣ ਦੇ ਬਾਅਦ ਵੀ ਇਹ ਮੰਨਣ ਨੂੰ ਤਿਆਰ ਨਹੀਂ ਹੋਏ ਅਤੇ ਉਨ੍ਹਾਂ ਕਿਹਾ ਕਿ ਇਹ ਕਣਕ ਇੰਨੀ ਜ਼ਿਆਦਾ ਖ਼ਰਾਬ ਨਹੀਂ ਹੈ। ਫਿਰ ਵੀ ਜੇਕਰ ਤੁਸੀ ਕਹਿੰਦੇ ਹੋ ਤਾਂ ਸਬੰਧਤ ਅਧਿਕਾਰੀਆਂ ਨੂੰ ਕਹਿ ਕੇ ਇਸ ਕਣਕ ਨੂੰ ਬਦਲਵਾ ਦਿੱਤਾ ਜਾਵੇਗਾ ਅਤੇ ਜੋ ਕਣਕ ਵੰਡੀ ਗਈ ਹੈ ਉਸਨੂੰ ਵੀ ਵਾਪਸ ਕਰਵਾ ਦਿੱਤਾ ਜਾਵੇਗਾ।