ਬਰਨਾਲਾ: ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੇ ਤਹਿਤ ਇੱਕ ਵੱਡੀ ਸਫ਼ਲਤਾ ਹਾਸਲ ਹੋਈ। ਬਰਨਾਲਾ ਪੁਲਿਸ ਦੇ ਸੀਆਈਏ ਸਟਾਫ਼ ਨੇ 2 ਲੱਖ 2 ਹਜ਼ਾਰ ਨਸ਼ੀਲੀਆਂ ਗੋਲੀਆਂ, 16 ਲੱਖ ਡਰੱਗ ਮਨੀ ਅਤੇ ਦੋ ਮਹਿੰਗੀਆਂ ਕਾਰਾਂ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ।
ਇਸ ਸਬੰਧੀ ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਨੇ ਕਿਹਾ ਕਿ ਪੁਲਿਸ ਨੂੰ ਇੱਕ ਮੁਖਬਰ ਦੀ ਇਤਲਾਹ 'ਤੇ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਇੰਨ੍ਹਾਂ ਤੋਂ ਪੁਲਿਸ ਨੂੰ ਹੁਣ ਤੱਕ 2 ਲੱਖ 2 ਹਜ਼ਾਰ ਨਸ਼ੀਲੀਆਂ ਗੋਲੀਆਂ, 16 ਲੱਖ ਡਰੱਗ ਮਨੀ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਤੋਂ ਦੋ ਮਹਿੰਗੀਆਂ ਕਾਰਾਂ ਵੀ ਮਿਲੀਆਂ ਹਨ, ਜਿਸ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਇਹ ਨਸ਼ਾ ਤਸਕਰ ਨਸ਼ੀਲੀਆਂ ਗੋਲੀਆਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਪਲਾਈ ਕਰਦੇ ਸਨ।
ਉਨ੍ਹਾਂ ਕਿਹਾ ਕਿ ਇਸ ਦੀ ਚੈਨ ਨੂੰ ਤੋੜਨ ਵਿੱਚ ਬਰਨਾਲਾ ਪੁਲਿਸ ਸਫ਼ਲ ਹੋਈ ਹੈ। ਪੁਲਿਸ ਵੱਲੋਂ ਕਾਬੂ ਕੀਤੇ ਗਏ ਤਿੰਨੇ ਮੁਲਜ਼ਮ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਹਨ। ਇਨ੍ਹਾਂ ਵਿੱਚੋਂ ਮੁੱਖ ਤਸਕਰ ਰਾਜੂ ਸਿੰਘ ਵਿਰੁੱਧ ਪਹਿਲਾਂ ਵੀ ਸੰਗਰੂਰ ਜ਼ਿਲ੍ਹੇ ਵਿੱਚ ਨਸ਼ੇ ਦੇ ਮਾਮਲੇ ਦਰਜ ਹਨ ਅਤੇ ਉਹ ਇੱਕ ਕੇਸ ਵਿੱਚੋਂ ਭਗੌੜਾ ਹੈ। ਉਨ੍ਹਾਂ ਕਿਹਾ ਕਿ ਤਿੰਨੇ ਤਸਕਰਾਂ ਵਿਰੁੱਧ ਐਨਡੀਪੀਐਸ ਐਕਟ ਅਧੀਨ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਇਸ ਮਾਮਲੇ ਦੀ ਪੂਰੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।