ਬਰਨਾਲਾ: ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਲਈ 180 ਸ਼ਰਧਾਲੂਆਂ ਦਾ ਪਹਿਲਾ ਜੱਥਾ ਬਰਨਾਲਾ ਤੋਂ ਰਵਾਨਾ ਹੋਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਯਾਤਰਾ ਕਾਊਂਟਰ ਬਰਨਾਲਾ ਦੇ ਗੁਰਦੁਆਰਾ ਬਾਬਾ ਗਾਂਧਾ ਸਿੰਘ ਵਿਖੇ ਖੋਲ੍ਹਿਆ ਗਿਆ ਸੀ। ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਰਜਿਸਟਰੇਸ਼ਨ ਕਰਵਾਈ ਸੀ। 10 ਮਿੰਟ ਵਿੱਚ ਰਜਿਸਟ੍ਰੇਸ਼ਨ ਕਰਨ ਦੇ ਬਾਅਦ ਪੁਲਿਸ ਵੈਰੀਫਿਕੇਸ਼ਨ ਵੀ ਨਾਲੋਂ ਨਾਲ ਕਰਵਾਈ ਗਈ ਸੀ। ਬਰਨਾਲਾ ਸਮੇਤ ਕਈ ਜ਼ਿਲ੍ਹਿਆਂ ਦੀ ਸੰਗਤ ਵੱਲੋਂ ਇਸ ਯਾਤਰਾ ਕਾਊਂਟਰ 'ਤੇ ਰਜਿਸਟਰੇਸ਼ਨ ਕਰਵਾ ਕੇ ਇਸ ਯਾਤਰਾ ਦਾ ਲਾਭ ਲਿਆ ਗਿਆ।
ਅੱਜ ਰਜਿਸਟ੍ਰੇਸ਼ਨ ਕਰਵਾਉਣ ਵਾਲੀ ਸਿੱਖ ਸੰਗਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਜੱਥੇ ਦੇ ਰੂਪ ਵਿੱਚ ਬਰਨਾਲਾ ਦੇ ਗੁਰਦੁਆਰਾ ਬਾਬਾ ਗਾਂਧਾ ਸਿੰਘ ਤੋਂ ਰਵਾਨਾ ਹੋਈ।
ਕਰਤਾਰਪੁਰ ਸਾਹਿਬ ਜਾਣ ਵਾਲੀ ਇਸ ਸੰਗਤ ਦਾ ਲੰਗਰ ਪਾਣੀ ਦਾ ਪ੍ਰਬੰਧ ਵੀ ਰਸਤੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦਾ ਅਗਲਾ ਜੱਥਾ 25 ਜਨਵਰੀ ਨੂੰ ਰਵਾਨਾ ਹੋਵੇਗਾ, ਜਿਸ ਲਈ ਰਜਿਸਟ੍ਰੇਸ਼ਨ ਵੀ ਸ਼ੁਰੂ ਹੋ ਚੁੱਕੀ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ 550ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਪਾਕਿਸਤਾਨ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਣ ਦੇ ਬਾਅਦ ਸਿੱਖ ਸੰਗਤਾਂ ਵਿੱਚ ਭਾਰੀ ਖ਼ੁਸ਼ੀ ਦੀ ਲਹਿਰ ਲਗਾਤਾਰ ਦੇਖੀ ਜਾ ਰਹੀ ਹੈ ਅਤੇ ਆਪਣੇ ਗੁਰੂ ਦੇ ਦਰਸ਼ਨ ਦੀਦਾਰੇ ਕਰਨ ਲਈ ਕਰਤਾਰਪੁਰ ਸਾਹਿਬ ਦੀ ਨਗਰੀ ਜਾਣ ਲਈ ਸਾਰੇ ਸ਼ਰਧਾਲੂਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ।
ਪਰ ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ ਨੂੰ ਰਜਿਸਟ੍ਰੇਸ਼ਨ ਕਰਵਾਉਣ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਜਿਸ ਦੇ ਚੱਲਦਿਆਂ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਕੋਰੀਡੋਰ ਤੋਂ ਵਾਪਸ ਮੁੜਨਾ ਪੈਂਦਾ ਸੀ। ਇਸ ਸਮੱਸਿਆ ਦਾ ਹੱਲ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਰਨਾਲਾ ਦੇ ਗੁਰਦੁਆਰਾ ਬਾਬਾ ਗਾਂਧਾ ਸਿੰਘ ਵਿਖੇ ਇਕ ਯਾਤਰੀ ਕਾਊਂਟਰ ਖੋਲ੍ਹਿਆ ਗਿਆ ਸੀ। ਜਿੱਥੇ ਕਰਤਾਰਪੁਰ ਸਾਹਿਬ ਜਾਣ ਲਈ ਸੰਗਤ ਨੂੰ ਸੌਖੇ ਢੰਗ ਨਾਲ ਰਜਿਸਟ੍ਰੇਸ਼ਨ ਕਰਵਾਈ ਗਈ। ਰੰਜਿਸ਼ ਦਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਲਾਹਾ ਲਿਆ ਜਿਸ ਤਹਿਤ ਅੱਜ ਬਰਨਾਲਾ ਤੋਂ ਜਥਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਇਸ ਸਮੇਂ ਕਰਤਾਰਪੁਰ ਸਾਹਿਬ ਜਾਣ ਲਈ ਸੰਗਤ ਵਿਚ ਭਾਰੀ ਉਤਸ਼ਾਹ ਪਾਇਆ ਗਿਆ ਅਤੇ ਸੰਗਤ ਵੱਲੋਂ ਸ਼੍ਰੋਮਣੀ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਐਸਜੀਪੀਸੀ ਵੱਲੋਂ ਖੋਲ੍ਹੇ ਗਏ ਯਾਤਰਾ ਕਾਊਂਟਰ 'ਤੇ ਪਹੁੰਚ ਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਰਜਿਸਟ੍ਰੇਸ਼ਨ ਕਰਵਾਈ, ਜਿਸ ਤਹਿਤ ਅੱਜ 180 ਸ਼ਰਧਾਲੂਆਂ ਦਾ ਜੱਥਾ ਬਰਨਾਲਾ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਲਈ ਰਵਾਨਾ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਦੇ ਡੇਰਾ ਬਾਬਾ ਨਾਨਕ ਤੱਕ ਪਹੁੰਚਣ ਲਈ ਟਰਾਂਸਪੋਰਟ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸੰਗਤ ਅੱਜ ਰਾਤ ਡੇਰਾ ਬਾਬਾ ਨਾਨਕ ਵਿਖੇ ਰੁਕੇਗੀ ਅਤੇ ਭਲਕੇ ਅੱਠ ਵਜੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਵੇਗੀ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਲਈ ਰਹਿਣ ਅਤੇ ਲੰਗਰ ਦਾ ਪ੍ਰਬੰਧ ਵੀ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਗਲਾ ਜਥਾ 25 ਜਨਵਰੀ ਨੂੰ ਬਰਨਾਲਾ ਤੋਂ ਰਵਾਨਾ ਹੋਵੇਗਾ, ਜਿਸ ਲਈ ਯਾਤਰਾ ਕਰ ਤੇ ਪਹੁੰਚ ਕੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।
ਇਹ ਵੀ ਪੜੋ: ਦਿੱਲੀ: ਅਨਾਜ ਮੰਡੀ ਦੀ ਉਸੇ ਇਮਾਰਤ 'ਚ ਫਿਰ ਲੱਗੀ ਅੱਗ, ਜਿੱਥੇ ਕੱਲ੍ਹ ਗਈਆਂ ਸਨ 43 ਜਾਨਾਂ
ਐਸਜੀਪੀਸੀ ਵੱਲੋਂ ਚਲਾਇਆ ਜਾ ਰਿਹੈ ਯਾਤਰਾ ਕਾਊਂਟਰ 'ਤੇ ਕੰਮ ਕਰਨ ਵਾਲੇ ਬੇਅੰਤ ਸਿੰਘ ਨੇ ਦੱਸਿਆ ਕਿ ਪੂਰੇ ਪੰਜਾਬ ਭਰ ਤੋਂ ਲੋਕ ਇਸ ਸੁਵਿਧਾ ਦਾ ਲਾਭ ਲੈ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਹਰ ਮਹੀਨੇ 25 ਤਰੀਕ ਨੂੰ ਇਸੇ ਤਰੀਕੇ ਕਰਤਾਰਪੁਰ ਸਾਹਿਬ ਜਾਣ ਲਈ ਜੱਥਾ ਰਵਾਨਾ ਹੋਇਆ ਕਰੇਗਾ। ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੀ ਸੰਗਤ ਗੁਰਦੁਆਰਾ ਬਾਬਾ ਗਾਂਧਾ ਸਿੰਘ ਬਰਨਾਲਾ ਵਿਖੇ ਪਹੁੰਚ ਕੇ ਰਜਿਸਟਰੇਸ਼ਨ ਕਰਵਾ ਸਕਦੀ ਹੈ।