ਬਰਨਾਲਾ: ਬਰਨਾਲਾ ਮੋਗਾ ਨੈਸ਼ਨਲ ਹਾਈਵੇ ਉੱਤੇ ਬੱਸ ਅੱਡੇ ਉਪਰ ਛੱਡੇ ਗਲਤ ਕੱਟ ਦੇ ਹੱਲ ਲਈ ਲਗਾਤਾਰ ਪਿਛਲੇ 10 ਦਿਨਾਂ ਤੋਂ ਸੰਘਰਸ਼ ਕਰ ਰਹੇ ਹਨ। ਇਸੇ ਤਹਿਤ ਹੀ ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ ਅਤੇ ਜੋਧਪੁਰ ਦੇ ਲੋਕਾਂ ਵੱਲੋਂ ਅੱਜ ਸ਼ਨੀਵਾਰ ਨੂੰ ਬਰਨਾਲਾ ਮੋਗਾ ਨੈਸ਼ਨਲ ਹਾਈਵੇ ਨੂੰ ਜਾਮ ਕਰਕੇ ਸਰਕਾਰ ਤੇ ਪ੍ਰਸ਼ਾਸ਼ਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਦੱਸ ਦਈਏ ਕਿ ਬਰਨਾਲਾ ਮੋਗਾ ਨੈਸ਼ਨਲ ਹਾਈਵੇ ਦੇ ਇੱਕ ਪਾਸੇ ਪੱਕਾ ਧਰਨਾ ਚੱਲ ਰਿਹਾ ਹੈ, ਪਰ ਪ੍ਰਸ਼ਾਸ਼ਨ ਵਲੋਂ ਕੋਈ ਸੁਣਵਾਈ ਨਾ ਕੀਤੇ ਜਾਣ ਦੇ ਰੋਸ ਵਿੱਚ ਅੱਜ ਸ਼ਨੀਵਾਰ ਨੂੰ ਸੜਕ ਦੇ ਦੋਵੇਂ ਪਾਸੇ ਧਰਨਾ ਲਗਾ ਕੇ ਚੱਕਾ ਜਾਮ ਕੀਤਾ ਗਿਆ।
ਓਵਰਬ੍ਰਿਜ ਪੁਲ ਬਣਾਉਣ ਦੀ ਮੰਗ:- ਇਸ ਮੌਕੇ ਧਰਨਾਕਾਰੀਆਂ ਨੇ ਦੱਸਿਆ ਕਿ ਪਿੰਡ ਚੀਮਾ ਦੇ ਬੱਸ ਅੱਡੇ ਉਪਰ ਸੜਕ ਦੇ ਗੈਰ-ਕਾਨੂੰਨੀ ਕੱਟ ਦਾ ਸੰਘਰਸ਼ ਜਾਰੀ ਹੈ ਅਤੇ ਅੱਜ ਸ਼ਨੀਵਰ ਨੂੰ ਧਰਨੇ ਦੇ 10ਵੇਂ ਦਿਨ ਵੀ ਸੜਕ ਉਪਰ ਲੋਕਾਂ ਦਾ ਧਰਨਾ ਜਾਰੀ ਰਿਹਾ। ਉਹਨਾਂ ਕਿਹਾ ਕਿ ਸੜਕ ਉੱਤੇ ਇਹ ਕੱਟ ਬਹੁਤ ਗਲਤ ਤਰੀਕੇ ਨਾਲ ਛੱਡਿਆ ਗਿਆ ਹੈ। ਜਿਸ ਕਰਕੇ ਇਸ ਕੱਟ ’ਤੇ ਅਨੇਕਾਂ ਸੜਕ ਹਾਦਸੇ ਵਾਪਰਨ ਕਰਕੇ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ। ਜਿਸ ਕਰਕੇ ਪਿੰਡਾਂ ਦੇ ਲੋਕਾਂ ਦੀ ਮੰਗ ਹੈ ਕਿ ਇਸ ਕੱਟ ਦੀ ਥਾਂ ਇੱਕ ਓਵਰਬ੍ਰਿਜ ਪੁਲ ਬਣਾਇਆ ਜਾਵੇ ਤਾਂ ਸੜਕੀ ਹਾਦਸਿਆਂ ਤੋਂ ਛੁਟਕਾਰਾ ਹੋ ਸਕੇ।
ਸੰਘਰਸ਼ ਲਗਾਤਾਰ ਜਾਰੀ ਰੱਖਣਗੇ:- ਪਿਛਲੇ 10 ਦਿਨਾਂ ਤੋਂ ਭਾਵੇਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਉਹਨਾਂ ਦੀਆਂ ਮੀਟਿੰਗਾਂ ਵੀ ਹੋਈਆਂ ਹਨ ਅਤੇ ਪ੍ਰਸਾਸ਼ਨ ਖੁਦ ਇਸ ਥਾਂ ਪੁਲ ਬਣਾਉਣ ਲਈ ਮੰਗ ਰਿਹਾ ਹੈ, ਪਰ ਬਹੁਤ ਢਿੱਲ ਵਰਤੀ ਜਾ ਰਹੀ ਹੈ। ਉੱਥੇ ਪ੍ਰਸ਼ਾਸ਼ਨਿਕ ਅਧਿਕਾਰੀ ਪੁਲ ਦੇ ਲਈ ਲੋੜੀਂਦੀ ਥਾਂ ਐਕੁਆਇਰ ਕਰਨ ਲਈ ਪਿੰਡ ਵਾਸੀਆਂ ਨੂੰ ਕਹਿ ਰਹੇ ਹਨ, ਜਦਕਿ ਇਸਦੀ ਜਿੰਮੇਵਾਰ ਜਿਲ੍ਹਾ ਪ੍ਰਸ਼ਾਸ਼ਨ ਦੀ ਆਪਣੀ ਹੈ। ਉਹਨਾਂ ਕਿਹਾ ਕਿ ਹੁਣ ਸਮੁੱਚਾ ਪਿੰਡ ਇਸ ਮਾਮਲੇ ’ਤੇ ਇੱਕਜੁੱਟ ਹੈ ਅਤੇ ਗਲਤ ਦਿੱਤੇ ਗਏ ਕੱਟ ਦੀ ਥਾਂ ਓਵਰਬ੍ਰਿ੍ਰਜ਼ ਬਣਾਉਣ ਲਈ ਸੰਘਰਸ਼ ਲੜ ਰਿਹਾ ਹੈ। ਜਿੰਨਾਂ ਸਮਾਂ ਜ਼ਿਲ੍ਹਾ ਪ੍ਰਸ਼ਾਸ਼ਨ ਪਿੰਡ ਦੀ ਇਸ ਜ਼ਰੂਰੀ ਮੰਗ ਨੂੰ ਪੂਰਾ ਨਹੀਂ ਕਰਦਾ, ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ।
ਇਹ ਵੀ ਪੜੋ:- AKF Meaning: ਅੰਮ੍ਰਿਤਪਾਲ ਸਿੰਘ ਵੱਲੋਂ ਤਿਆਰ ਕੀਤੀ ਜਾ ਰਹੀ ਸੀ ‘ਅਕਾਲ ਪੁਰਖ ਦੀ ਫ਼ੌਜ’, ਜਾਣੋ ਕੀ ਹੈ ਮਤਲਬ