ਬਰਨਾਲਾ : ਬਰਨਾਲਾ ਦੇ ਪਿੰਡ ਠੀਕਰੀਵਾਲਾ ਵਿਖੇ ਸ਼ਹੀਦ ਸੇਵਾ ਸਿੰਘ ਦੇ ਸ਼ਹੀਦੀ ਸਮਾਗਮ ਵਿੱਚ ਫਰੀਦਕੋਟ ਤੋਂ ਕਾਂਗਰਸੀ ਸੰਸਦ ਮੈਂਬਰ ਮੁਹੰਮਦ ਸਦੀਕ ਪੁੱਜੇ। ਇਸ ਦੌਰਾਨ ਜਿੱਥੇ ਉਨ੍ਹਾਂ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਸ਼ਹਾਦਤ ਨੂੰ ਨਮਨ ਕੀਤਾ। ਉਨ੍ਹਾਂ ਲੋਕਾਂ ਨੂੰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਦੱਸੇ ਮਾਰਗ ਉਤੇ ਚੱਲਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ।
"ਮਨਪ੍ਰੀਤ ਬਾਦਲ ਨੂੰ ਆਦਤ ਹੈ ਕੋਠੇ ਟੱਪਣ ਦੀ" : ਇਸ ਮੌਕੇ ਗੱਲਬਾਤ ਕਰਦਿਆਂ ਕਾਂਗਰਸੀ ਸੰਸਦ ਮੈਂਬਰ ਮੁਹੰਮਦ ਸਦੀਕ ਨੇ ਕਿਹਾ ਕਿ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੇ ਲੋਕਾਂ ਲਈ ਜੇਲ੍ਹਾਂ ਕੱਟੀਆਂ ਅਤੇ ਸ਼ਹੀਦੀ ਪ੍ਰਾਪਤ ਕੀਤੀ। ਸਾਨੂੰ ਉਨ੍ਹਾਂ ਦੇ ਕਦਮ ਚਿੰਨ੍ਹਾਂ ’ਤੇ ਚੱਲ ਕੇ ਉਨ੍ਹਾਂ ਦੀ ਸੋਚ ’ਤੇ ਪਹਿਰਾ ਦੇਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਦੇ ਭਾਜਪਾ ਵਿੱਚ ਸ਼ਾਮਲ ਹੋਣ ’ਤੇ ਵੱਡਾ ਤੰਜ਼ ਵੀ ਕੱਸਿਆ। ਉਨ੍ਹਾਂ ਮਨਪ੍ਰੀਤ ਬਾਦਲ ਉਤੇ ਸਿਆਸੀ ਨਿਸ਼ਾਨੇ ਲਾਉਂਦਿਆਂ ਕਿਹਾ ਕਿ ਕੁੱਝ ਲੋਕਾਂ ਨੂੰ ਕੋਠੇ ਟੱਪਣ ਦੀ ਆਦਤ ਹੁੰਦੀ ਹੈ। ਉਹ ਪਹਿਲਾਂ ਅਕਾਲੀ ਦਲ ’ਚੋਂ ਫਿਰ ਪੀਪੀਪੀ ਫਿਰ ਕਾਂਗਰਸ ਅਤੇ ਹੁਣ ਭਾਜਪਾ ਵਿੱਚ ਗਏ ਹਨ ਅਤੇ ਅੱਗੇ ਹੋਰ ਦੇਖੋ। ਮਨਪ੍ਰੀਤ ਬਾਦਲ ਵੱਲੋਂ ਕੋਈ ਪਿਹਲੀ ਪਾਰਟੀ ਨਹੀਂ ਛੱਡੀ ਗਈ ਪਹਿਲਾਂ ਕਾਫੀ ਪਾਰਟੀਆਂ ਛੱਡ ਕੇ ਦੂਜੀਆਂ ਵਿਚ ਜਾ ਸ਼ਾਮਲ ਹੋ ਚੁੱਕੇ ਹਨ। ਉਨ੍ਹਾਂ ਨੂੰ ਆਦਤ ਹੈ ਕੋਠੇ ਟੱਪਣ ਦੀ।
ਇਹ ਵੀ ਪੜ੍ਹੋ : ਨਕਲੀ ਦਵਾਈਆਂ ਦੀ ਕਵਰੇਜ ਲਈ ਮੈਡੀਕਲ ਸਟੋਰ ਗਿਆ ਸੀ ਪੱਤਰਕਾਰ, ਸਟੋਰ ਦੇ ਕਰਿੰਦਿਆਂ ਨੇ ਫੜ੍ਹ ਲਿਆ, ਅੱਗੇ ਜੋ ਹੋਇਆ ਦੇਖ ਕੇ ਹੋ ਜਾਓਗੇ ਹੈਰਾਨ...
ਆਪਣੀ ਕਾਰਗੁਜ਼ਾਰੀ 'ਤੇ ਕੀਤੇ ਸਵਾਲਾਂ ਦਾ ਗੋਲਮੋਲ ਜਵਾਬ: ਉਨ੍ਹਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਦਾ ਦੇਸ਼ ਭਰ ਵਿੱਚ ਵੱਡਾ ਹੁੰਗਾਰਾ ਮਿਲਿਆ ਹੈ, ਜਦਕਿ ਕੇਂਦਰ ਸਰਕਾਰ ਨੇ ਇਸ ਯਾਤਰਾ ਨੂੰ ਰੋਕਣ ਲਈ ਅਨੇਕਾਂ ਯਤਨ ਕੀਤੇ ਜੋ ਅਸਫਲ ਰਹੇ। ਯਾਤਰਾ ਦਾ ਉਦੇਸ਼ ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਅਤੇ ਬੇਰੁਜ਼ਗਾਰੀ ਵਿਰੁੱਧ ਆਵਾਜ਼ ਚੁੱਕਣਾ ਹੈ। ਉਨ੍ਹਾਂ ਕਿਹਾ ਕਿ ਇਸ ਯਾਤਰਾ ਨੂੰ ਸਫਲ ਹੁੰਗਾਰਾ ਮਿਲਿਆ ਹੈ। ਉਨ੍ਹਾਂ ਨੇ ਇਸ ਦੌਰਾਨ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਅੰਕੜੇ ਵੀ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਆਰਐਸਐਸ ਉੱਤੇ ਮੀਡੀਆ ਤੋਂ ਲੈ ਕੇ ਹਰ ਸੰਸਥਾਨ ਉੱਤੇ ਦਬਾਅ ਹੈ। ਇਸ ਮੌਕੇ ਪੱਤਰਕਾਰ ਵੱਲੋਂ ਆਪ ਦੀ 10 ਮਹੀਨਿਆਂ ਦੀ ਕਾਰਗੁਜ਼ਾਰੀ ਸਬੰਧੀ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਵੱਲੋਂ ਗੋਲਮੋਲ ਜਵਾਬ ਦਿੱਤੇ ਗਏ।