ਬਰਨਾਲਾ: ਭਾਰਤ ਦਾ ਗਣਤੰਤਰ ਦਿਵਸ ਅੱਜ ਪੂਰੇ ਦੇਸ਼ ਦੇ ਨਾਲ ਨਾਲ ਬਰਨਾਲਾ ਵਿੱਚ ਧੂਮਧਾਮ ਨਾਲ ਮਨਾਇਆ ਗਿਆ। ਹਰ ਥਾਂ ਜਿੱਥੇ ਕੋਰੋਨਾ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ, ਪਰ ਬਰਨਾਲਾ ਦੀਆਂ ਤਸਵੀਰਾਂ ਕੁਝ ਹੋਰ ਹੀ ਬਿਆਂ ਕਰ ਰਹੀਆਂ ਹਨ। ਇੱਥੇ ਹੋਰਾਂ ਦੀ ਤਾਂ ਛੱਡੋ, ਖੁਦ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਪੂਰੇ ਸਮਾਗਮ ਦੌਰਾਨ ਬਿਨਾਂ ਮਾਸਕ ਦੇ ਨਜ਼ਰ ਆਏ।
ਕੈਬਨਿਟ ਮੰਤਰੀ ਸਿੰਗਲਾ ਨੇ ਕੋਰੋਨਾ ਨਿਯਮਾਂ ਦੀ ਕੀਤੀ ਉਲੰਘਣਾ
ਕੋਰੋਨਾ ਵਾਇਰਸ ਦੀ ਤੀਜੀ ਲਹਿਰ ਕਾਰਨ ਪਹਿਲਾਂ ਵਾਂਗ ਵੱਡੇ ਸਮਾਗਮ ਦੀ ਥਾਂ ਸੀਮਤ ਇਕੱਠ ਕਰਕੇ ਹੀ ਇਹ ਸਮਾਗਮ ਬਰਨਾਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਮਨਾਇਆ ਗਿਆ। ਇਸ ਸਮਾਗਮ ਲਈ ਵਿਸ਼ੇਸ਼ ਤੌਰ ਉੱਤੇ ਕੋਰੋਨਾ ਨਿਯਮਾਂ ਦੀ ਪਾਲਣਾ ਲਈ ਹਦਾਇਤਾਂ ਦਿੱਤੀਆਂ ਗਈਆ ਸਨ। ਖ਼ਾਸ ਕਰਕੇ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਹਰ ਵਿਅਕਤੀ ਲਈ ਮਾਸਕ ਪਾਉਣਾਂ ਜ਼ਰੂਰੀ ਕੀਤਾ ਗਿਆ। ਪਰ, ਸਮਾਗਮ ਦੌਰਾਨ ਮੁੱਖ ਮਹਿਮਾਨ ਦੇ ਤੌਰ 'ਤੇ ਝੰਡਾ ਫ਼ਹਿਰਾਉਣ ਪਹੁੰਚੇ, ਪੰਜਾਬ ਦੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਉਪਰ ਸ਼ਾਇਦ ਇਹ ਨਿਯਮ ਲਾਗੂ ਨਹੀਂ ਹੁੰਦੇ।
ਬਿਨਾਂ ਮਾਸਕ ਪਾਏ ਦਿਖੇ ਮੰਤਰੀ ਸਿੰਗਲਾ ਅਤੇ ਉਨ੍ਹਾਂ ਦੀ ਪਤਨੀ
ਮੰਤਰੀ ਸਿੰਗਲਾ ਸਾਰੇ ਸਮਾਗਮ ਦੌਰਾਨ ਬਿਨ੍ਹਾਂ ਮਾਸਕ ਤੋਂ ਹੀ ਦੇਖੇ ਗਏ। ਭਾਵੇਂ ਸਮਾਗਮ ਦੌਰਾਨ ਸਟੇਜ ਤੋਂ ਵਾਰ ਵਾਰ ਮਾਸਕ ਪਾਉਣ ਲਈ ਅਪੀਲ ਕੀਤੀ ਜਾਂਦੀ ਰਹੀ। ਸਾਰੀ ਅਫ਼ਸਰਸ਼ਾਹੀ ਅਤੇ ਹੋਰ ਪਤਵੰਤਿਆਂ ਦੇ ਮਾਸਕ ਪਹਿਨੇ ਹੋਏ ਸਨ, ਪਰ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਉਨ੍ਹਾਂ ਦੀ ਪਤਨੀ ਨੇ ਮਾਸਕ ਨਹੀਂ ਪਾਇਆ। ਸਮਾਗਮ ਵਿੱਚ ਸ਼ਾਮਲ ਮੀਡੀਆ ਕਰਮੀਆਂ ਅਤੇ ਹੋਰ ਲੋਕਾਂ ਵਿੱਚ ਇਹ ਗੱਲ ਵੀ ਸੁੰਨਣ ਨੂੰ ਪਾਈ ਗਈ ਕਿ ਸ਼ਾਇਦ ਕੋਰੋਨਾ ਵਾਇਰਸ ਮੰਤਰੀ ਜੀ ਜਾਂ ਇਨ੍ਹਾਂ ਦੇ ਪਰਿਵਾਰ ਤੋਂ ਡਰਦਾ ਹੋਵੇਗਾ ਜਿਸ ਕਰਕੇ ਉਨ੍ਹਾਂ ਨੂੰ ਮਾਸਕ ਪਾਉਣ ਦੀ ਲੋੜ ਨਹੀਂ ਹੈ।
ਜ਼ਿਕਰਯੋਗ ਹੈ ਕਿ ਝੰਡਾ ਫ਼ਹਿਰਾਉਣ ਤੋਂ ਲੈ ਕੇ ਸੰਬੋਧਨ ਕਰਨ ਤੱਕ ਮੰਤਰੀ ਵਿਜੈਇੰਦਰ ਸਿੰਗਲਾ ਬਿਨਾਂ ਮਾਸਕ ਤੋਂ ਹੀ ਸਮਾਗਮ ਵਿੱਚ ਹਾਜ਼ਰ ਰਹੇ।
ਇਹ ਵੀ ਪੜ੍ਹੋ: 73rd Republic Day: PM ਮੋਦੀ, ਪੰਜਾਬ ਦੇ CM ਚੰਨੀ ਸਣੇ ਹੋਰ ਸਿਆਸੀ ਆਗੂਆਂ ਨੇ ਦਿੱਤੀ ਵਧਾਈ