ਬਰਨਾਲਾ: ਸਾਬਕਾ ਫ਼ੌਜੀਆਂ ਦੀਆਂ ਮੰਗਾਂ ਨੂੰ ਲੈਕੇ ਪੰਜਾਬ ਦੇ ਸਾਬਕਾ ਫ਼ੌਜੀ ਇੱਕ ਝੰਡੇ ਥੱਲੇ ਇਕੱਠੇ ਹੋ ਗਏ ਹਨ। ਪੰਜਾਬ ਦੀਆਂ ਵੱਖ-ਵੱਖ ਸਾਬਕਾ ਫ਼ੌਜੀਆਂ ਦੀਆਂ ਜੱਥੇਬੰਦੀਆਂ ਦੀ ਸਾਂਝੀ ਸੂਬਾ ਪੱਧਰੀ ਮੀਟਿੰਗ ਬਰਨਾਲਾ ਵਿਖੇ ਕੀਤੀ ਗਈ। ਸਾਬਕਾ ਫ਼ੌਜੀਆਂ ਦੇ ਜੰਤਰ ਮੰਤਰ ਤੇ ਚੱਲ ਰਹੇ ਧਰਨੇ ਨੂੰ ਮਜਬੂਤ ਕਰਨ ਲਈ ਵਿਚਾਰ ਚਰਚਾ ਕੀਤੀ ਗਈ।
ਸਾਂਝੀ ਕੋਰ ਕਮੇਟੀ ਵੀ ਬਣਾਈ:- ਦੱਸ ਦਈਏ ਕਿ ਸਾਰੀਆਂ ਜੱਥੇਬੰਦੀਆਂ ਦੀ ਸਾਂਝੀ ਕੋਰ ਕਮੇਟੀ ਵੀ ਬਣਾਈ ਗਈ, ਜੋ ਅਗਲੇ ਸੰਘਰਸ਼ ਦੀ ਅਗਵਾਈ ਕਰੇਗੀ। ਸਾਬਕਾ ਫ਼ੌਜੀਆਂ ਦੀਆਂ ਇੱਕ ਰੈਂਕ ਇੱਕ ਪੈਨਸ਼ਨ, ਫ਼ੌਜੀਆਂ ਦੀਆਂ ਵਿਧਵਾਵਾਂ ਦੀਆਂ ਪੈਨਸ਼ਨਾਂ ਵਰਗੇ ਅਹਿਮ ਮੰਗਾਂ ਦੇ ਹੱਲ ਕਰਨ ਦੀ ਮੰਗ ਕਰ ਰਹੇ ਹਨ। ਸਾਬਕਾ ਫ਼ੌਜੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਤੁਰੰਤ ਸਾਡੀਆਂ ਮੰਗਾਂ ਸੁਣ ਕੇ ਹੱਲ ਕਰੇ। ਜੇਕਰ ਸਰਕਾਰ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਅਤੇ ਤਿੱਖਾ ਕਰਨਗੇ।
ਸਾਰੀਆਂ ਜਥੇਬੰਦੀਆਂ ਇੱਕ ਝੰਡੇ ਹੇਠ:- ਇਸ ਸਬੰਧੀ ਆਗੂਆਂ ਨੇ ਦੱਸਿਆ ਕਿ ਅੱਜ ਸ਼ਨੀਵਾਰ ਦੀ ਮੀਟਿੰਗ ਦਾ ਮੁੱਖ ਏਜੰਡਾ ਸਾਬਕਾ ਫ਼ੌਜੀਆਂ ਦੀਆਂ ਮੰਗਾਂ ਹਨ। ਜਿਸ ਸਬੰਧੀ ਅੱਜ ਸਾਬਕਾ ਫ਼ੌਜੀਆਂ ਦੀਆਂ ਸਾਰੀਆਂ ਜੱਥੇਬੰਦੀਆਂ ਇੱਕ ਝੰਡੇ ਹੇਠ ਆ ਕੇ ਇਕੱਠੇ ਹੋਏ ਹਨ। ਇਸ ਵਿੱਚ ਵਿਧਵਾਵਾਂ ਦੀਆਂ ਪੈਨਸ਼ਨਾਂ, ਇੱਕ ਰੈਂਕ ਇੱਕ ਪੈਨਸ਼ਨ, ਐਮਐਸਪੀ ਵਰਗੇ ਅਹਿਮ ਮੁੱਦੇ ਹਨ। ਇਹਨਾਂ ਮੁੱਦਿਆਂ ਨੂੰ ਲੈ ਕੇ ਦੇਸ਼ ਭਰ ਦੇ ਸਾਬਕਾ ਫ਼ੌਜੀਆਂ ਦੀਆਂ ਜੱਥੇਬੰਦੀਆਂ ਦਿੱਲੀ ਦੇ ਜੰਤਰ ਮੰਤਰ ਉਪਰ 20 ਫ਼ਰਵਰੀ ਤੋਂ ਧਰਨਾ ਲਗਾਈ ਬੈਠੀਆਂ ਹਨ। ਪੰਜਾਬ ਦੀਆਂ ਜੱਥੇਬੰਦੀਆਂ ਨੂੰ ਦੇਸ਼ ਭਰ ਦੇ ਸਾਬਕਾ ਫ਼ੌਜੀਆਂ ਨੇ ਕਮਾਂਡ ਦਿੱਤੀ ਹੈ। ਜਿਸ ਕਰਕੇ ਉਹ ਆਪਣੀ ਮੰਗ ਅਤੇ ਗੱਲ ਲੈ ਕੇ ਸਰਕਾਰ ਤੱਕ ਲਿਜਾਣਗੇ।
ਸੰਘਰਸ਼ ਹੋਰ ਤੇਜ਼ ਕਰਨ ਦੀ ਚੇਤਾਵਨੀ:- ਉਹਨਾਂ ਕਿਹਾ ਕਿ ਕੇਂਦਰ ਸਰਕਾਰ ਤੁਰੰਤ ਸਾਡੀਆਂ ਮੰਗਾਂ ਸੁਣ ਕੇ ਹੱਲ ਕਰੇ। ਜੇਕਰ ਸਰਕਾਰ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਅਤੇ ਤਿੱਖਾ ਕਰਨਗੇ। ਉਹਨਾਂ ਕਿਹਾ ਕਿ ਅੱਜ ਦੀ ਮੀਟਿੰਗ ਸਾਬਕਾ ਫ਼ੌਜੀਆਂ ਲਈ ਅਹਿਮ ਹੈ। ਕਿਉਂਕਿ ਸਾਰੀਆਂ ਸਾਬਕਾ ਸੈਨਿਕਾਂ ਦੀਆਂ ਜੱਥੇਬੰਦੀਆਂ ਇੱਕ ਝੰਡੇ ਹੇਠ ਇਕੱਠੀਆਂ ਹੋਈਆਂ ਹਨ। ਸਾਰੀਆਂ ਜੱਥੇਬੰਦੀਆਂ ਦੀ ਇੱਕ ਕੋਰ ਕਮੇਟੀ ਚੁਣੀ ਜਾਵੇਗੀ, ਜੋ ਅੱਗੇ ਸੰਘਰਸ਼ ਦੀ ਅਗਵਾਈ ਕਰੇਗੀ। ਉਹਨਾਂ ਕਿਹਾ ਕਿ ਪੰਜਾਬ ਵਿੱਚ ਸਾਬਕਾ ਸੈਨਿਕ ਅੱਗੇ ਹੋ ਕੇ ਜੰਤਰ-ਮੰਤਰ ਤੇ ਚੱਲ ਰਹੇ ਧਰਨੇ ਵਿੱਚ ਸ਼ਾਮਲ ਹੋਣਗੇ।