ਬਰਨਾਲਾ: ਜਲੰਧਰ ਵਿੱਚ ਜ਼ਿਮਨੀ ਚੋਣ ਵਿੱਚ ਵੱਡੀ ਜਿੱਤ ਦਰਜ ਕਰਨ ਦੀ ਖੁਸ਼ੀ ਆਮ ਆਦਮੀ ਪਾਰਟੀ ਨੇ ਬਰਨਾਲਾ ਵਿੱਚ ਲੱਡੂ ਵੰਡ ਕੇ ਮਨਾਈ। ਸਥਾਨਕ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਲੱਡੂ ਵੰਡ ਕੇ ਇੱਕ ਦੂਜੇ ਨਾਲ ਇਸ ਜਿੱਤ ਦੀ ਖੁਸ਼ੀ ਸਾਂਝੀ ਕੀਤੀ ਹੈ। ਮੰਤਰੀ ਮੀਤ ਹੇਅਰ ਨੇ ਇਸ ਜਿੱਤ ਤੇ ਜਲੰਧਰ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ।
ਕੈਬਨਿਟ ਮੰਤਰੀ ਮੀਤ ਹੇਅਰ ਨੇ ਦਿੱਤੀ ਵਰਕਰਾਂ ਨੂੰ ਵਧਾਈ : ਇਸ ਮੌਕੇ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇੱਕ ਸਾਲ ਦੀ ਕਾਰਗੁਜ਼ਾਰੀ ਦੀ ਜਲੰਧਰ ਚੋਣ ਵਿੱਚ ਜਿੱਤ ਹੋਈ ਹੈ। ਉਹਨਾਂ ਜਲੰਧਰ ਦੇ ਵੋਟਰਾਂ ਅਤੇ ਸਮੂਹ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਜਲੰਧਰ ਜ਼ਿਮਨੀ ਚੋਣ ਦੀ ਜਿੱਤ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਸਰਕਾਰ ਨੇ ਇੱਕ ਸਾਲ ਲੋਕਾਂ ਦੇ ਹੱਕ ਵਿੱਚ ਲੋਕ ਪੱਖੀ ਫ਼ੈਸਲੇ ਲਏ ਹਨ, ਜਿਸਨੂੰ ਜਲੰਧਰ ਦੇ ਵੋਟਰਾਂ ਨੇ ਮੋਹਰ ਲਗਾਈ ਹੈ।
ਸਰਕਾਰ ਨੇ ਸਾਰੇ ਵਾਅਦੇ ਕੀਤੇ ਪੂਰੇ : ਉਨ੍ਹਾਂ ਕਿਹਾ ਕਿ ਅਸੀਂ ਚੋਣਾਂ ਵਿੱਚ ਵੀ ਵੋਟਰਾਂ ਨੂੰ ਜਾਗਰੂਕ ਕਰਨ ਲਈ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇੱਕ ਸਾਲ ਦੀ ਕਾਰਗੁਜ਼ਾਰੀ ਬਾਕੀ ਪਾਰਟੀਆਂ ਦੇ ਪੰਜ ਸਾਲਾਂ ਨਾਲ ਮੇਲ ਕਰ ਕੇ ਦੇਖ ਲਿਉ। ਜਲੰਧਰ ਦੇ ਵੋਟਰ ਆਪ ਸਰਕਾਰ ਦੀ ਕਾਰਗੁਜ਼ਾਰੀ ਨੂੰ ਸਮਝੇ ਹਨ, ਜਿਸ ਕਰਕੇ ਹੁਣ ਇਥੋਂ ਪਾਰਟੀ ਦੀ ਜਿੱਤ ਹੋਈ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕੀਤੇ ਹਨ, ਜਿਸਨੂੰ ਜਲੰਧਰ ਦੇ ਲੋਕਾਂ ਨੇ ਫ਼ਤਵਾ ਦਿੱਤਾ ਹੈ।
ਸੈਮੀਫਾਈਨਲ ਆਪ ਜਿੱਤ ਗਈ ਤੇ ਫਾਈਨਲ ਦੀ ਤਿਆਰੀ ਹੈ : ਉਨ੍ਹਾਂ ਕਿਹਾ ਕਿ ਬਹੁਤੇ ਕਾਂਗਰਸ ਦੇ ਲੀਡਰ ਕਹਿੰਦੇ ਸਨ ਕਿ ਇਹ ਸੈਮੀਫ਼ਾਈਨਲ ਹੈ ਅਤੇ ਜਲੰਧਰ ਨੂੰ ਕਾਂਗਰਸ ਦਾ ਗੜ੍ਹ ਕਿਹਾ ਜਾਂਦਾ ਸੀ। ਉਸਨੂੰ ਹੁਣ ਆਪ ਪਾਰਟੀ ਨੇ ਤੋੜ ਕੇ ਵੱਡੀ ਜਿੱਤ ਦਰਜ ਕੀਤੀ ਹੈ। ਉਹਨਾਂ ਕਿਹਾ ਕਿ ਅੱਜ ਸੈਮੀਫ਼ਾਈਨਲ ਆਮ ਆਦਮੀ ਪਾਰਟੀ ਜਿੱਤ ਗਈ ਹੈ ਅਤੇ ਅੱਗੇ ਫ਼ਾਈਨਲ ਦੀ ਵਾਰੀ ਹੈ। ਜਿਸ ਕਰਕੇ ਆਉਣ ਵਾਲੀ ਪਾਰਲੀਮੈਂਟਰੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਪੰਜਾਬ ਵਿੱਚੋਂ 13 ਵਿੱਚੋਂ ਵੱਡੀ ਲੀਡ ਨਾਲ ਜਿੱਤੇਗੀ। ਉਹਨਾਂ ਕਿਹਾ ਕਿ ਜਲੰਧਰ ਦੇ ਲੋਕਾਂ ਨੇ ਬੀਜੇਪੀ ਅਤੇ ਅਕਾਲੀ ਦਲ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਜਿਸ ਕਰਕੇ ਇਹ ਪਾਰਟੀਆਂ ਤੀਜੇ ਅਤੇ ਚੌਥੇ ਸਥਾਨ ਤੇ ਰਹੀਆਂ ਹਨ। ਉਹਨਾਂ ਕਿਹਾ ਕਿ ਜਲੰਧਰ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਲੋਕਾਂ, ਸ਼ਹਿਰ ਅਤੇ ਪਿੰਡਾਂ ਦੇ ਲੋਕਾਂ ਨੇ ਵੱਡੇ ਪੱਧਰ ਤੇ ਆਪ ਪਾਰਟੀ ਦਾ ਸਾਥ ਦਿੱਤਾ ਹੈ, ਜਿਸ ਕਰਕੇ ਅਸੀਂ ਜਲੰਧਰ ਦੇ ਲੋਕਾਂ ਦਾ ਧੰਨਵਾਦ ਕਰਦੇ ਹਾਂ।