ਭਦੌੜ: ਕੇਂਦਰੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਭਦੌੜ ਦੇ ਮਸ਼ਹੂਰ ਪੰਜਾਬੀ ਕਲਾਕਾਰਾਂ ਵੱਲੋਂ 29 ਸਤੰਬਰ ਨੂੰ ਰੋਸ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਹੈ।
ਪਰਮਜੀਤ ਸਿੰਘ ਸੇਖੋਂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਜੋ ਖੇਤੀ ਆਰਡੀਨੈਂਸਾਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਹਨ, ਇਹ ਕਿਸਾਨਾਂ ਨਾਲ ਹੀ ਨਹੀਂ ਸਗੋਂ ਸਾਰੇ ਮਜ਼ਦੂਰ ਅਤੇ ਸਮਾਜ ਦੇ ਹੋਰਨਾਂ ਵਰਗਾਂ ਨਾਲ ਧੱਕਾ ਹੈ। ਇਨ੍ਹਾਂ ਦੇ ਲਾਗੂ ਹੋਣ ਨਾਲ ਨਾ ਕੇਵਲ ਕਿਸਾਨਾਂ ਬਲਕਿ ਸਮਾਜ ਦੇ ਹੋਰਨਾਂ ਲੋਕਾਂ ਦੀ ਰੋਜ਼ੀ-ਰੋਟੀ ਵੀ ਖੁੱਸ ਜਾਵੇਗੀ।
ਇਸ ਮੌਕੇ ਗਾਇਕ ਲੱਖਾ ਬਰਾੜ, ਬੱਬੂ ਖ਼ਾਨ ਅਤੇ ਹਸਤਿੰਦਰ ਲਾਡੀ ਨੇ ਸਮੂਹ ਕਿਸਾਨ ਅਤੇ ਦੁਕਾਨਦਾਰ ਭਾਈਚਾਰੇ ਨੂੰ ਬੇਨਤੀ ਕੀਤੀ ਕਿ ਉਹ 29 ਸਤੰਬਰ ਨੂੰ ਕੱਢੇ ਜਾ ਰਹੇ ਵਿਸ਼ਾਲ ਮਾਰਚ ਵਿੱਚ ਸ਼ਾਮਲ ਹੋਣ ਅਤੇ ਦੇਸ਼ ਦੀ ਸਰਕਾਰ ਨੂੰ ਦਿਖਾ ਦੇਣ ਕਿ ਭਾਵੇਂ ਕਿ ਉਨ੍ਹਾਂ ਕੋਲ ਜ਼ਮੀਨਾਂ ਨਹੀਂ ਹਨ, ਪਰ ਫ਼ਿਰ ਵੀ ਉਨ੍ਹਾਂ ਦਾ ਜ਼ਮੀਰ ਹਾਲੇ ਵੀ ਜਿਉਂਦਾ ਹੈ।