ਬਰਨਾਲਾ: ਸ਼ਹਿਰ ਵਿੱਚ ਇੱਕ ਵਾਰ ਮੁੜ ਇਨਸਾਨੀਅਤ ਸ਼ਰਮਸ਼ਾਰ ਹੋਈ ਹੈ। ਬਰਨਾਲਾ ’ਚ ਆਪਣੀ ਹੀ ਨਾਬਾਲਗ ਧੀ ਨਾਲ ਕਲਯੁਗੀ ਪਿਉ ਵੱਲੋਂ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪਿਉ ਦੀਆਂ ਹਰਕਤਾਂ ਤੋਂ ਤੰਗ ਆ ਕੇ ਨਾਬਾਲਗ ਕੁੜੀ ਨੇ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਨਾਬਾਲਗ ਲੜਕੀ ਦਾ ਮੈਡੀਕਲ ਕਰਵਾ ਕੇ ਕਲਯੁਗੀ ਪਿਉ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ-1 ਦੇ ਐਸਐਚਓ ਗੁਲਾਬ ਸਿੰਘ ਨੇ ਦੱਸਿਆ ਕਿ ਬਰਨਾਲਾ ਦੇ ਰਾਮਗੜੀਆ ਰੋਡ ’ਤੇ ਰਹਿਣ ਵਾਲੀ ਇੱਕ ਨਾਬਾਲਿਗ ਲੜਕੀ ਨੇ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਪਿਉ ਪਿਛਲੇ ਲੰਬੇ ਸਮੇਂ ਤੋਂ ਉਸ ਨਾਲ ਜਬਰ ਜਨਾਹ ਕਰ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਨੇ ਨਾਬਾਲਗ ਕੁੜੀ ਦਾ ਮੈਡੀਕਲ ਕਰਵਾਇਆ।
ਪੁਲਿਸ ਨੇ ਦੋਸ਼ੀ ਪਿਉ ਵਿਰੁੱਧ ਪੌਕਸੋ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਕੁੜੀ ਦਾ ਮੈਡੀਕਲ ਮਹਿਲਾ ਪੁਲਿਸ ਅਧਿਕਾਰੀ ਦੀ ਦੇਖ-ਰੇਖ ਵਿੱਚ ਕਰਵਾਇਆ ਗਿਆ ਹੈ। ਦੋਸ਼ੀ ਵਿਅਕਤੀ ਨੂੰ ਕਾਬੂ ਕਰਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।