ਬਰਨਾਲਾ: ਪਿਛਲੇ ਇਕ ਮਹੀਨੇ ਤੋਂ ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਦੇ ਕੋਠੇ ਗੋਬਿੰਦਪੁਰਾ ਨਾਲ ਸਬੰਧਤ ਲਵਪ੍ਰੀਤ ਸਿੰਘ ਦੀ ਮੌਤ ਦਾ ਮਾਮਲਾ ਪੰਜਾਬ ਸਮੇਤ ਦੇਸ਼ ਵਿਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਲਵਪ੍ਰੀਤ ਦੀ ਮੌਤ ਲਈ ਪਰਿਵਾਰ ਵੱਲੋਂ ਉਸ ਦੀ ਕੈਨੇਡਾ ਰਹਿੰਦੀ ਪਤਨੀ ਬੇਅੰਤ ਕੌਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਜਿਸ ਨੂੰ ਲੈ ਕੇ ਅੱਜ ਭਾਵੇਂ ਧਨੌਲਾ ਥਾਣੇ ਦੀ ਪੁਲਸ ਵੱਲੋਂ ਲਵਪ੍ਰੀਤ ਦੀ ਪਤਨੀ ਵਿਰੁੱਧ 420 ਧਾਰਾ ਤਹਿਤ ਪਰਚਾ ਦਰਜ ਕਰ ਲਿਆ ਹੈ, ਪ੍ਰੰਤੂ ਪਰਿਵਾਰ ਪੁਲਿਸ ਦੀ ਇਸ ਕਾਰਵਾਈ ਤੋਂ ਖੁਸ਼ ਦਿਖਾਈ ਨਹੀਂ ਦੇ ਰਿਹਾ।
ਜਿਸ ਕਰਕੇ ਇਨਸਾਫ ਲੈਣ ਲਈ ਲਵਪ੍ਰੀਤ ਦੇ ਪਰਿਵਾਰ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਮਿਲ ਕੇ ਬਰਨਾਲਾ ਚੰਡੀਗੜ੍ਹ ਰੋਡ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਵਰ੍ਹਦੇ ਮੀਂਹ ਵਿੱਚ ਧਰਨਾਕਾਰੀਆਂ ਵੱਲੋਂ ਲਵਪ੍ਰੀਤ ਦੀ ਪਤਨੀ ਅਤੇ ਉਸ ਦੇ ਸਹੁਰਾ ਪਰਿਵਾਰ ਵਿਰੁੱਧ ਲਵਪ੍ਰੀਤ ਨੂੰ ਖ਼ੁਦਕੁਸ਼ੀ ਲਈ ਜ਼ਿੰਮੇਵਾਰ ਠਹਿਰਾਉਣ ਦੇ ਦੋਸ਼ਾਂ ਤਹਿਤ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ।
ਇਹ ਵੀ ਪੜੋ: ਲਵਪ੍ਰੀਤ ਖੁਦਕੁਸ਼ੀ ਮਾਮਲਾ: ਬੇਅੰਤ ਕੌਰ ਖਿਲਾਫ ਹੋਇਆ ਮਾਮਲਾ ਦਰਜ
ਇਸ ਮੌਕੇ ਗੱਲਬਾਤ ਕਰਦਿਆਂ ਲਵਪ੍ਰੀਤ ਦੇ ਚਾਚਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਪੂਰੇ ਇੱਕ ਮਹੀਨੇ ਤੋਂ ਉਹ ਆਪਣੇ ਲਵਪ੍ਰੀਤ ਦੀ ਮੌਤ ਦਾ ਇਨਸਾਫ ਲੈਣ ਲਈ ਦਰ ਦਰ ਭਟਕ ਰਹੇ ਹਨ। ਉਹ ਪਿਛਲੇ ਇੱਕ ਮਹੀਨੇ ਤੋਂ ਬਰਨਾਲਾ ਪੁਲਿਸ ਦੇ ਵੱਖ-ਵੱਖ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ, ਪ੍ਰੰਤੂ ਉਨ੍ਹਾਂ ਨੂੰ ਕਾਰਵਾਈ ਦਾ ਭਰੋਸੇ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਮਿਲਿਆ।
ਬੀਤੀ ਰਾਤ ਉਨ੍ਹਾਂ ਨੂੰ ਫੋਨ ਤੇ ਸੁਨੇਹਾ ਮਿਲਿਆ ਕਿ ਲਵਪ੍ਰੀਤ ਦੀ ਮੌਤ ਸਬੰਧੀ ਉਸ ਦੀ ਪਤਨੀ ਬੇਅੰਤ ਕੌਰ ਵਿਰੁੱਧ ਪੁਲਿਸ ਵੱਲੋਂ ਪਰਚਾ ਦਰਜ ਕਰ ਲਿਆ ਹੈ, ਪ੍ਰੰਤੂ ਉਨ੍ਹਾਂ ਨੂੰ ਹੈਰਾਨੀ ਹੋਈ ਕਿ ਪੁਲੀਸ ਵੱਲੋਂ ਸਿਰਫ਼ ਉਸ ਦੀ ਪਤਨੀ ਵਿਰੁੱਧ 420 ਧਾਰਾ ਤਹਿਤ ਹੀ ਪਰਚਾ ਦਰਜ ਕੀਤਾ ਗਿਆ ਹੈ। ਜਦ ਕਿ ਲਵਪ੍ਰੀਤ ਦੀ ਪਤਨੀ ਉਸ ਦੀ ਮੌਤ ਲਈ ਜ਼ਿੰਮੇਵਾਰ ਹੈ। ਜਿਸ ਕਰਕੇ ਉਹ ਪਰਿਵਾਰ ਵੱਲੋਂ ਲਗਾਤਾਰ ਲਵਪ੍ਰੀਤ ਦੀ ਪਤਨੀ, ਉਸ ਦੀ ਮਾਂ ਅਤੇ ਪੂਰੇ ਸਹੁਰਾ ਪਰਿਵਾਰ ਵਿਰੁੱਧ ਲਵਪ੍ਰੀਤ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ਾਂ ਤਹਿਤ 306 ਅਧੀਨ ਪਰਚਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਜਿਸ ਕਰਕੇ ਅੱਜ ਨਾਰਾਜ਼ ਹੋ ਕੇ ਲਵਪ੍ਰੀਤ ਦੇ ਪਰਿਵਾਰ, ਉਸ ਦੇ ਚਾਹੁਣ ਵਾਲੇ ਅਤੇ ਵੱਖ ਵੱਖ ਜਥੇਬੰਦੀਆਂ ਦੇ ਲੋਕਾਂ ਨੂੰ ਮਿਲ ਕੇ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਜ ਲਵਪ੍ਰੀਤ ਨੂੰ ਇਨਸਾਫ ਨਹੀਂ ਮਿਲਦਾ ਤਾਂ ਲਵਪ੍ਰੀਤ ਵਾਂਗ ਪੰਜਾਬ ਭਰ ਵਿੱਚ ਠੱਗੀ ਦਾ ਸ਼ਿਕਾਰ ਹੋਏ ਹਜ਼ਾਰਾਂ ਨੌਜਵਾਨਾਂ ਦੀਆਂ ਆਸਾਂ ਉਮੀਦਾਂ ਤੇ ਪਾਣੀ ਫਿਰ ਜਾਵੇਗਾ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ, ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ।