ਬਰਨਾਲਾ: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ "ਘਰ-ਘਰ ਰੁਜ਼ਗਾਰ" ਸਕੀਮ ਤਹਿਤ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ, ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼ਹਿਰ ’ਚ ਸਥਿਤ ਸਰਕਾਰੀ ਆਈਟੀਆਈ ਵਿਖੇ ਬੇਰੁਜ਼ਗਾਰਾਂ ਨੂੰ ਸਵੈ-ਰੁਜ਼ਗਾਰ ਸ਼ੁਰੂ ਕਰਨ ਲਈ ਲੋਨ ਮੁਹੱਈਆ ਕਰਵਾਉਣ ਤਹਿਤ ਲੋਨ ਮੇਲਾ ਲਗਾਇਆ ਗਿਆ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਦਿੱਤਿਆ ਡੇਚਲਵਾਲ ਵਲੋਂ ਸ਼ਿਰਕਤ ਕੀਤੀ ਗਈ।
ਇਸ ਲੋਨ ਮੇਲੇ ’ਚ ਜ਼ਿਲ੍ਹੇ ਦੀਆਂ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਜਿਨ੍ਹਾਂ ’ਚ ਸਟੇਟ ਬੈਂਕ ਆਫ਼ ਇੰਡੀਆ, ਐਚ.ਡੀ.ਐਫ.ਸੀ., ਪੰਜਾਬ ਐਂਡ ਸਿੰਧ ਬੈਂਕ, ਕੇਨਰਾ ਬੈਂਕ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ’ਚੋਂ ਜ਼ਿਲ੍ਹਾ ਉਦਯੋਗ ਕੇਂਦਰ ਬਰਨਾਲਾ ਐਟ ਮਲੇਰਕੋਟਲਾ, ਡੇਅਰੀ ਵਿਭਾਗ, ਬੈਕਫ਼ਿੰਕੋ, ਐਸ.ਸੀ.ਐਫ.ਸੀ. ਕਾਰਪੋਰੇਸ਼ਨ, ਮੱਛੀ ਪਾਲਣ ਵਿਭਾਗ ਵੱਲੋਂ ਆਪੋ-ਆਪਣੇ ਲੋਨ ਸਟਾਲ ਲਗਾਏ ਗਏ।

ਵਧੀਕ ਡਿਪਟੀ ਕਮਿਸ਼ਨਰ ਨੇ ਰੁਜ਼ਗਾਰ ਮੇਲੇ ’ਚ ਲੱਗੇ ਸਟਾਲਾਂ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਬੇਰੁਜ਼ਗਾਰਾਂ ਨੂੰ ਸਵੈ-ਰੁਜ਼ਗਾਰ ਸ਼ੁਰੂ ਕਰਨ ਲਈ ਜਲਦ ਤੋਂ ਜਲਦ ਲੋਨ ਮੁਹੱਈਆ ਕਰਵਾਏ ਜਾਣ ਤਾਂ ਜੋ ਬੇਰੁਜ਼ਗਾਰ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ।

ਇਸ ਮੌਕੇ ਜ਼ਿਲ੍ਹਾ ਰੁਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਗੁਰਤੇਜ ਸਿੰਘ ਨੇ ਦੱਸਿਆ ਕਿ ਇਸ ਲੋਨ ਮੇਲੇ ’ਚ ਲਗਭਗ 450 ਦੇ ਕਰੀਬ ਪ੍ਰਾਰਥੀਆਂ ਵੱਲੋਂ ਭਾਗ ਲਿਆ ਗਿਆ ਅਤੇ ਇਨ੍ਹਾਂ ’ਚੋਂ 390 ਪ੍ਰਾਰਥੀਆਂ ਵੱਲੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਸਵੈ-ਰੋਜ਼ਗਾਰ ਸਕੀਮਾਂ ਤਹਿਤ ਲੋਨ ਲਈ ਅਪਲਾਈ ਕੀਤਾ ਗਿਆ।