ਬਰਨਾਲਾ: ਕਸਬਾ ਹੰਡਿਆਇਆ ਦੇ ਸੱਤਵੀਂ ਕਲਾਸ ਦੇ ਵਿਦਿਆਰਥੀ ਲਖਵਿੰਦਰ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਨੇ ਬਾਕਸਿੰਗ ਵਿੱਚ ਪੰਜਾਬ ਲੈਵਲ ਦੇ ਪਿੰਡ ਭੀਖੀ ਜਿਲ੍ਹਾ ਮਾਨਸਾ ਵਿੱਚ ਹੋਏ ਬਾਕਸਿੰਗ ਦੇ ਮੁਕਾਬਲੇ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਅਪਣੇ ਪਿੰਡ ਦਾ ਨਾਮ ਅਤੇ ਅਪਣੇ ਸਕੂਲ ਸਰਵਹਿੱਤਕਾਰੀ ਸਕੂਲ ਹੰਡਿਆਇਆ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੀ ਮੁੱਖ ਅਧਿਆਪਿਕਾ ਸ਼ੁਸ਼ਮਾ ਰਾਣੀ ਨੇ ਲਖਵਿੰਦਰ ਸਿੰਘ ਦੇ ਮਾਤਾ ਪਿਤਾ ਅਤੇ ਸਕੂਲ ਸਟਾਫ ਨੂੰ ਵਧਾਈ ਦਿੱਤੀ। ਮੁੱਖ ਅਧਿਆਪਿਕਾਂ ਨੇ ਕਿਹਾ ਕਿ ਵਿਦਿਆਰਥੀ ਵੱਲੋਂ ਹਾਸਲ ਕੀਤੇ ਗਏ ਸੋਨ ਤਗਮੇ ਨਾਲ ਸਕੂਲ ਦਾ ਮਾਣ ਵਧਿਆ ਹੈ। ਉਨ੍ਹਾਂ ਕਿਹਾ ਕਿ ਸੇਧ ਲੈ ਕੇ ਆਉਣ ਵਾਲੇ ਸਮੇਂ ਵਿੱਚ ਦੂਜੇ ਵਿਦਿਆਰਥੀ ਵੀ ਵੱਖ ਵੱਖ ਖੇਡਾਂ ਵਿੱਚ ਆਪਣਾ ਨਾਂ ਰੌਸ਼ਨ ਕਰਨਗੇ, ਜੋ ਵਿਦਿਆਰਥੀ ਖੇਡਾਂ ਵਿੱਚ ਰੁਚੀ ਲੈਂਦਾ ਹੈ ਸਕੂਲ ਵੱਲੋਂ ਵੀ ਉਸ ਦੀ ਹਰ ਸੰਭਵ ਮਦਦ ਕੀਤੀ ਜਾਂਦੀ ਹੈ। ਖੇਡਾਂ ਵਿੱਚ ਰੁਚੀ ਲੈਣ ਵਾਲੇ ਵਿਦਿਆਰਥੀ ਨੂੰ ਜ਼ਿੰਦਗੀ ਦੇ ਹਰ ਖੇਤਰ ਵਿਚ ਤਰੱਕੀ ਮਿਲਦੀ ਹੈ।
ਖੇਡਾਂ ਤੋਂ ਬੱਚੇ ਕੀ-ਕੀ ਸਿੱਖਦੇ: ਜਿੱਥੇ ਖੇਡਾਂ ਤੋਂ ਵਿਦਿਆਰਥੀ ਅਨੁਸ਼ਾਸ਼ਨ ਸਿੱਖਦਾ ਹੈ ਨਾਲ ਹੀ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਕਾਰੀ ਨੌਕਰੀ ਦੇ ਮੌਕੇ ਵੀ ਆਮ ਵਿਦਿਆਰਥੀਆਂ ਨਾਲੋਂ ਵਧੇਰੇ ਮਿਲਦੇ ਹਨ। ਉਨ੍ਹਾਂ ਸਾਰੇ ਵਿਿਦਆਰਥੀਆਂ ਨੂੰ ਅਪੀਲ ਕੀਤੀ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਵਿਸ਼ੇਸ਼ ਰੁਚੀ ਰੱਖੀ ਜਾਵੇ। ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਜਰਨਲ ਸਕੱਤਰ ਕਾਮਰੇਡ ਬਲਵੀਰ ਸਿੰਘ ਨੇ ਲਖਵਿੰਦਰ ਸਿੰਘ ਦੇ ਮਾਤਾ- ਪਿਤਾ ਨੂੰ ਮੁਬਾਰਕਾਂ ਦਿੱਤੀਆਂ ਤੇ ਕਿਹਾ ਕਿ ਇਹੋ ਜਿਹੇ ਵਿਦਿਆਰਥੀ ਜੋ ਕਿ ਗਰੀਬ ਪਰਿਵਾਰ ਵਿੱਚੋ ਉੱਠ ਕੇ ਇਹੋ ਜਿਹੇ ਨਾਮਨੇ ਖੱਟਦੇ ਹਨ, ਉਹਨਾਂ ਨੂੰ ਪੰਜਾਬ ਲੈਵਲ 'ਤੇ ਵੀ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਹੋਰਨਾਂ ਬੱਚਿਆ ਦਾ ਹੋਸਲਾਂ ਵੱਧ ਸਕੇ ਅਤੇ ਹੋਰ ਬੱਚੇ ਖੇਡਾਂ ਵੱਲ ਪ੍ਰੇਰਿਤ ਹੋਣ।
ਮੁੱਖ ਮੰਤਰੀ ਨੂੰ ਅਪੀਲ: ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾਂ ਹੀ ਖੇਡਾਂ ਨੂੰ ਉਤਸ਼ਾਹਿਤ ਕਰਨ ਦੀ ਗੱਲ ਕਰਦੇ ਹਨ। ਛੋਟੀ ਉਮਰ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਅਗਰ ਸਰਕਾਰ ਖ਼ਾਸ ਖ਼ਿਆਲ ਰੱਖੇ ਤਾਂ ਇਹ ਵਿਦਿਆਰਥੀ ਭਵਿੱਖ ਵਿੱਚ ਉਲੰਪਿਕ ਮੈਡਲ ਹਾਸਿਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਖਿਡਾਰੀ ਨੂੰ ਆਰਥਿਕ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਖਿਡਾਰੀ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਦੇ ਹਲਕੇ ਵਿਚੋਂ ਆਉਂਦਾ ਹੈ। ਇਸ ਲਈ ਉਹ ਪਤਵੰਤੇ ਸੱਜਣਾਂ ਨੂੰ ਲੈ ਕੇ ਖੇਡ ਮੰਤਰੀ ਨੂੰ ਮਿਲਣਗੇ। ਜਿਸ ਨਾਲ ਇਸ ਵਿਦਿਆਰਥੀ ਨੂੰ ਹੋਰ ਸਹੂਲਤਾਂ ਮਿਲ ਸਕਣ ਅਤੇ ਉਹ ਸਖ਼ਤ ਮਿਹਨਤ ਕਰਕੇ ਆਪਣਾ ਅਤੇ ਇਲਾਕੇ ਦਾ ਨਾਮ ਰੌਸ਼ਨ ਕਰ ਸਕੇ। ਉਨਹਾਂ ਦੱਸਿਆ ਕਿ ਪੂਰੇ ਇਲਾਕੇ ਵੱਲੋਂ ਵਿਦਿਆਰਥੀ ਦਾ ਸਨਮਾਨ ਕੀਤਾ ਜਾਵੇਗਾ। ਲਖਵਿੰਦਰ ਸਿੰਘ ਦੀ ਜਿੱਤ ਤੋਂ ਬਾਅਦ ਇਲਾਕੇ ਵਿਚ ਖੁਸ਼ੀ ਦਾ ਮਾਹੌਲ ਹੈ।