ਬਰਨਾਲਾ: ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਟਿੱਕਰੀ ਬਾਰਡਰ ’ਤੇ ਗਈ ਬਰਨਾਲਾ ਜ਼ਿਲ੍ਹੇ ਦੇ ਪਿੰਡ ਭੋਤਨਾ ਦੀ ਇੱਕ ਔਰਤ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸਨੂੰ ਕਾਫ਼ੀ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਕੇਯੂ ਉਗਰਾਹਾਂ ਦੇ ਬਲਾਕ ਆਗੂ ਬਿੰਦਰ ਭੋਤਨਾ ਨੇ ਦੱਸਿਆ ਕਿ ਸੁਰਜੀਤ ਕੌਰ ਪਤਨੀ ਨਛੱਤਰ ਸਿੰਘ (66) 21 ਅਪ੍ਰੈਲ ਨੂੰ ਬੀਬੀਆਂ ਦੇ ਕਾਫ਼ਲੇ ਨਾਲ ਟਿੱਕਰੀ ਬਾਰਡਰ ’ਤੇ ਗਈ ਸੀ। ਜਿੱਥੋਂ ਵਾਪਸੀ ਦੌਰਾਨ ਹਰਿਆਣਾ ਦੇ ਜੀਂਦ ਵਿਖੇ ਸੜਕ ਪਾਰ ਕਰਦਿਆਂ ਉਸਨੂੰ ਇੱਕ ਕੈਂਟਰ ਫ਼ੇਟ ਮਾਰ ਗਿਆ। ਜਿਸ ਕਾਰਨ ਸੁਰਜੀਤ ਕੌਰ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸਦੀ ਬਾਂਹ ਤੇ ਪੱਟ ਟੁੱਟ ਗਿਆ ਹੈ। ਜਿਸਤੋਂ ਬਾਅਦ ਉਸਨੂੰ ਪਹਿਲਾਂ ਸਰਕਾਰੀ ਹਸਪਤਾਲ ਬਰਨਾਲਾ ਅਤੇ ਬਾਅਦ ਵਿੱਚ ਆਦੇਸ਼ ਹਸਪਤਾਲ ਭੁੱਚੋ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਪਿੰਡ ਭੋਤਨਾ ਦੇ ਜੱਥੇਬੰਦੀ ਆਗੂਆਂ ਜੀਤ ਸਿੰਘ ਨੇ ਕਿਹਾ ਕਿ ਸੁਰਜੀਤ ਕੌਰ ਪਹਿਲੇ ਦਿਨ ਤੋਂ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋ ਰਹੀ ਹੈ। ਰੋਜ਼ਾਨਾ ਬਰਨਾਲਾ ਵਿਖੇ ਚੱਲ ਰਹੇ ਮੋਰਚੇ ’ਚ ਸ਼ਾਮਲ ਹੁੰਦੀ ਸੀ ਹੁਣ ਦੂਜੀ ਵਾਰ ਦਿੱਲੀ ਮੋਰਚੇ ’ਚ ਗਈ ਸੀ, ਜਿੱਥੇ ਇਹ ਹਾਦਸਾ ਵਾਪਰ ਗਿਆ।
ਉਨ੍ਹਾਂ ਕਿਹਾ ਕਿ ਸਰਜੀਤ ਕੌਰ ਦਰਮਿਆਨੇ ਕਿਸਾਨੀ ਪਰਿਵਾਰ ਨਾਲ ਸਬੰਧਤ ਹੈ, ਜਿਸ ਕਰਕੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਸਦਾ ਇਲਾਜ਼ ਸਰਕਾਰੀ ਖ਼ਰਚੇ ’ਤੇ ਕਰਵਾਇਆ ਜਾਵੇ।