ਬਰਨਾਲਾ: ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਨਾਮਜ਼ਦਗੀ ਦਾਖ਼ਲ ਕਰ ਦਿੱਤੀ ਹੈ। ਇਸ ਮੌਕੇ 'ਤੇ ਕੈਪਟਨ ਅਮਰਿੰਦਰ ਸਿੰਘ, ਰਜਿੰਦਰ ਕੌਰ ਭੱਠਲ, ਰਜ਼ੀਆ ਸੁਲਤਾਨਾ ਤੇ ਵਿਜੇ ਇੰਦਰ ਸਿੰਗਲਾ ਮੌਜੂਦ ਰਹੇ।
ਇਸ ਮੌਕੇ ਉਨ੍ਹਾਂ ਕਾਂਗਰਸ ਦੀ ਸਿਖ਼ਰਲੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਕੇਵਲ ਢਿੱਲੋਂ ਨੇ ਕਿਹਾ ਕਿ ਸਾਡੀ ਪਾਰਟੀ 'ਚ ਸੰਗਰੂਰ ਤੋਂ ਕੋਈ ਧੜੇਬਾਜ਼ੀ ਨਹੀਂ ਹੈ ਅਤੇ ਅਸੀਂ ਸਭ ਇਕ ਹਾਂ। ਉੱਥੇ ਹੀ ਉਨ੍ਹਾਂ ਕਿਹਾ ਕਿ ਅਸੀਂ ਸੰਗਰੂਰ ਤੋਂ ਇੱਕ ਵੱਡੇ ਫਰਕ ਨਾਲ ਜਿੱਤ ਹਾਸਿਲ ਕਰਾਂਗੇ।
ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਸੰਗਰੂਰ ਚ ਰੈਲੀ ਵੀ ਕੀਤੀ। ਇਸ ਮੌਕੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਤੇ ਤਿੱਖਾ ਵਾਰ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਿਰਫ਼ ਚੁੱਟਕਲੇ ਹੀ ਸੁਣਾਉਂਦਾ ਹੈ ਉਸਨੇ ਹੁਣ ਤੱਕ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅੰਨਾ ਹਜਾਰੇ ਦੇ ਅੰਦੋਲਨ ਚੋਂ ਉੱਠੀ ਇਸ ਪਾਰਟੀ ਦਾ ਅਸਲ ਸੱਚ ਹੁਣ ਲੋਕਾਂ ਤੱਕ ਪਹੁੰਚ ਚੁੱਕਾ ਹੈ। ਢਿੱਲੋਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਹੱਕ 'ਚ ਵੋਟ ਪਾਉਣ। ਤਾਂ ਜੋ ਉਹ ਸੰਸਦ 'ਚ ਪਹੁੰਚ ਸਕਣ ਅਤੇ ਮੋਦੀ ਨੂੰ ਹੱਟਾ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਇਆ ਜਾ ਸਕੇ।