ਬਰਨਾਲਾ: ਬਰਨਾਲਾ ਰੇਲਵੇ ਸਟੇਸ਼ਨ ‘ਤੇ 30 ਕਿਸਾਨ ਜਥੇਬੰਦੀਆਂ ਦੇ ਸਾਂਝੇ ਧਰਨੇ ਦੇ 155ਵੇਂ ਦਿਨ 6 ਮਾਰਚ ਨੂੰ ਮਨਾਏ ਜਾਣ ਵਾਲੇ ਰੋਸ ਦਿਵਸ ਅਤੇ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਬਾਰੇ ਵਿਚਾਰਾਂ ਹੋਈਆਂ। ਇਹਨਾਂ ਦੋਵੇਂ ਦਿਨਾਂ ਮੌਕੇ ਵੱਡੀ ਗਿਣਤੀ ‘ਚ ਕਿਸਾਨਾਂ ਨੂੰ ਮੋਰਚੇ ‘ਚ ਪਹੁੰਚਣ ਦਾ ਸੱਦਾ ਦਿੱਤਾ ਗਿਆ।
ਬੁਲਾਰਿਆਂ ਨੇ ਕਿਹਾ ਕਿ ਸਰਕਾਰ ਦਾ ਅੜੀਅਲ ਵਤੀਰਾ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਬਜਾਏ ਵਧੇਰੇ ਮਜਬੂਤੀ ਬਖਸ਼ ਰਿਹਾ ਹੈ। ਹਰ ਦਿਨ ਲੋਕਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ ਅਤੇ ਸਮਾਜ ਦੇ ਹੋਰਨਾਂ ਵਰਗਾਂ ਤੋਂ ਮਿਲਣ ਵਾਲਾ ਸਮਰਥਨ ਵੀ ਵਧ ਰਿਹਾ ਹੈ। 6 ਮਾਰਚ ਨੂੰ ਦਿੱਲੀ ਦੀਆਂ ਸੜਕਾਂ ਜਾਮ ਕੀਤੀਆਂ ਜਾਣਗੀਆਂ ਅਤੇ ਘਰਾਂ 'ਤੇ ਕਾਲੇ ਝੰਡੇ ਲਾਏ ਜਾਣਗੇ। ਕਾਲੀਆਂ ਪੱਗਾਂ, ਬਾਹਾਂ 'ਤੇ ਕਾਲੀਆਂ ਪੱਟੀਆਂ ਅਤੇ ਧਰਨਿਆਂ ਵਾਲੀ ਥਾਂਵਾਂ 'ਤੇ ਕਾਲੇ ਝੰਡੇ ਲਾ ਕੇ ਰੋਸ ਪ੍ਰਗਟ ਕੀਤਾ ਜਾਵੇਗਾ। 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਔਰਤਾਂ ਵੱਡੀ ਗਿਣਤੀ ‘ਚ ਦਿੱਲੀ ਬਾਰਡਰਾਂ 'ਤੇ ਹਾਜ਼ਰੀ ਭਰਨਗੀਆਂ। ਪਿੰਡਾਂ ਦੀਆਂ ਔਰਤਾਂ ‘ਚ ਦਿੱਲੀ ਜਾਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਉਸ ਦਿਨ ਪੰਜਾਬ ‘ਚ ਲੱਗੇ ਧਰਨਿਆਂ ਦਾ ਸੰਚਾਲਨ ਵੀ ਔਰਤਾਂ ਦੇ ਹੱਥ ਰਹੇਗਾ। ਜਿਥੇ ਕਿਸਾਨ ਮੰਗਾਂ ਦੇ ਨਾਲ-ਨਾਲ ਮਹਿਲਾ ਮੁਕਤੀ ਬਾਰੇ ਵੀ ਵਿਚਾਰਾਂ ਹੋਣਗੀਆਂ।
ਮੌਜੂਦਾ ਕਿਸਾਨ ਅੰਦੋਲਨ ਦੀ ਇੱਕ ਵੱਡੀ ਪ੍ਰਾਪਤੀ ਇਹ ਰਹੀ ਹੈ ਕਿ ਪਹਿਲੀ ਵਾਰ ਕਿਸੇ ਅੰਦੋਲਨ 'ਚ ਮਹਿਲਾਵਾਂ ਨੇ ਇੰਨੀ ਭਰਵੀਂ ਸ਼ਮੂਲੀਅਤ ਕੀਤੀ ਹੈ। ਔਰਤਾਂ ਦਾ ਚੇਤਨਾ ਪੱਧਰ ਬਹੁਤ ਉੱਚਾ ਹੋਇਆ ਹੈ ਅਤੇ ਉਹ ਇਨ੍ਹਾਂ ਕਾਲੇ ਕਾਨੂੰਨਾਂ ਦੀਆਂ ਬਰੀਕੀਆਂ ਨੂੰ ਸਮਝਣ ਲੱਗੀਆਂ ਹਨ ਤੇ ਵੱਡੇ-ਵੱਡੇ ਇਕੱਠਾਂ ਨੂੰ ਸੰਬੋਧਨ ਕਰਨ ਲੱਗੀਆਂ ਹਨ। ਮਹਿਲਾਵਾਂ ਆਪਣੇ ਹੱਕਾਂ ਪ੍ਰਤੀ ਵਧੇਰੇ ਸੁਚੇਤ ਹੋਈਆਂ ਹਨ ਅਤੇ ਅੰਦੋਲਨ ਦੇ ਹਰ ਖੇਤਰ ‘ਚ ਬਰਾਬਰ ਦੀਆਂ ਭਾਈਵਾਲ ਬਣ ਰਹੀਆਂ ਹਨ। ਸਾਡੇ ਜਿਲ੍ਹੇ 'ਚ ਔਰਤਾਂ ਦੀ ਸਰਗਰਮ ਸ਼ਮੂਲੀਅਤ ਵਾਲੇ ਮਹਿਲ ਕਲਾਂ ਘੋਲ ਦੇ ਸ਼ਾਨਾਮੱਤੇ ਅੰਜ਼ਾਮ ਨੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ ਅਤੇ ਮਹਿਲਾ ਮੁਕਤੀ ਦੀ ਲਹਿਰ ਨੂੰ ਨਵੀਂ ਦਿਸ਼ਾ ਦਿੱਤੀ ਹੈ। ਸਾਡਾ ਫ਼ਰਜ ਬਣਦਾ ਹੈ ਕਿ ਮਹਿਲਾ ਮੁਕਤੀ ਦੀ ਇਸ ਲਹਿਰ ਨੂੰ ਹੋਰ ਮਜਬੂਤ ਬਣਾਈਏ।