ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਸ਼ਹਿਣਾ ਵਲੋਂ ਅੱਜ ਥਾਣਾ ਸਦਰ ਬਰਨਾਲਾ ਅਧੀਨ ਪੈਂਦੀ ਪੱਖੋ ਕੈਂਚੀਆਂ ਪੁਲਿਸ ਚੌਂਕੀ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵਲੋਂ ਨਾਅਰੇਬਾਜ਼ੀ ਕਰਕੇ ਪੁਲਿਸ ਮੁਲਾਜ਼ਮਾਂ ਵਿਰੁੱਧ ਰੋਸ ਜ਼ਾਹਰ ਕੀਤਾ ਗਿਆ। ਇਹ ਰੋਸ ਕਿਸਾਨ ਯੂਨੀਅਨ ਦੇ ਆਗੂ ਨਾਲ ਚੌਂਕੀ ਇੰਚਾਰਜ ਵਲੋਂ ਦੁਰਵਿਵਹਾਰ ਕਰਨ ਦੇ ਰੋਸ ਵਜੋਂ ਕੀਤਾ ਗਿਆ ਹੈ।
ਕਿਸਾਨਾਂ ਖਿਲਾਫ਼ ਵਰਤੀ ਗਲਤ ਸ਼ਬਦਾਵਲੀ: ਇਸ ਮੌਕੇ ਧਰਨਾਕਾਰੀ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ, ਬਲਾਕ ਪ੍ਰਧਾਨ ਜਗਸੀਰ ਸਿੰਘ ਸ਼ਹਿਣਾ, ਭਿੰਦਾ ਸਿੰਘ ਢਿੱਲਵਾਂ, ਹਰਚਰਨ ਸਿੰਘ ਸੁਖਪੁਰਾ ਅਤੇ ਦਰਸ਼ਨ ਸਿੰਘ ਮਹਿਤਾ ਨੇ ਦੱਸਿਆ ਕਿ ਪਿਛਲੇ ਕੁਝ ਹਫ਼ਤੇ ਪਹਿਲਾਂ ਪਰਾਲੀ ਦੇ ਧੂੰਏਂ ਨੂੰ ਲੈਕੇ ਪਿੰਡ ਚੀਮਾ ਵਿੱਚ ਪ੍ਰਸ਼ਾਸਨ ਦੀ ਟੀਮ ਆਈ ਸੀ। ਉਸ ਸਮੇਂ ਪੁਲਿਸ ਪ੍ਰਸ਼ਾਸਨ ਵਲੋਂ ਬਲਾਕ ਆਗੂ ਬਲਵੰਤ ਸਿੰਘ ਨਾਲ ਗਲਤ ਸ਼ਬਦਾਵਲੀ ਵਰਤੀ ਗਈ ਸੀ। ਜਿਸਦੇ ਮਾਮਲੇ 'ਤੇ ਅੱਜ ਪੱਖੋਂ ਕੈਂਚੀਆਂ ਚੌਂਕੀ ਇੰਚਾਰਜ ਦਾ ਘਿਰਾਓ ਕੀਤਾ ਗਿਆ ਹੈ।
ਗਲਤ ਸ਼ਬਦਾਵਲੀ ਅਤੇ ਅਫ਼ਸਰਸ਼ਾਹੀ ਦਾ ਅੜੀਅੱਲ ਰਵਈਆ ਨਹੀਂ ਕਰਾਂਗੇ ਬਰਦਾਸ਼ਤ: ਉਹਨਾਂ ਕਿਹਾ ਕਿ ਕਿਸੇ ਵੀ ਜੱਥੇਬੰਦੀ ਆਗੂ ਦੀ ਸ਼ਾਨ ਵਿਰੁੱਧ ਕੋਈ ਗਲਤ ਸ਼ਬਦਾਵਲੀ ਅਤੇ ਅਫ਼ਸਰਸ਼ਾਹੀ ਦਾ ਅੜੀਅੱਲ ਰਵਈਆ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਸਾਨ ਆਗੂਆਂ ਦਾ ਕਹਿਣਾ ਕਿ ਚੌਂਕੀ ਇੰਚਾਰਜ ਵਲੋਂ ਕਿਸਾਨਾਂ 'ਤੇ ਇਲਜ਼ਾਮ ਲਾਏ ਗਏ ਕਿ ਉਹ ਗੁੰਡਾਗਰਦੀ ਕਰਦੇ ਹਨ, ਜਿਸ ਦੇ ਕਾਰਨ ਉਨ੍ਹਾਂ ਨੂੰ ਇਸ ਸੰਘਰਸ਼ ਕਰਨਾ ਪਿਆ। ਇਸ ਦੌਰਾਨ ਕਿਸਾਨ ਯੂਨੀਅਨ ਦੇ 2 ਘੰਟੇ ਦੇ ਕਰੀਬ ਸੰਘਰਸ਼ ਕਰਨ ਤੋਂ ਬਾਅਦ ਚੌਂਕੀ ਇੰਚਾਰਜ ਵੱਲੋਂ ਸੰਘਰਸ਼ ਦੇ ਵਿੱਚ ਆਕੇ ਹੋਈ ਗਲਤੀ ਦਾ ਅਹਿਸਾਸ ਕਰਵਾਇਆ ਗਿਆ ਅਤੇ ਅੱਗੇ ਤੋਂ ਇਹੋ ਜਿਹੀ ਦੁਆਰਾ ਗੱਲ ਨਾ ਹੋਣ ਦਾ ਭਰੋਸਾ ਦਿੱਤਾ ਗਿਆ। ਜਿਸ ਉਪਰੰਤ ਧਰਨਾ ਸਮਾਪਤ ਕੀਤਾ ਗਿਆ।
'ਚੌਂਕੀ ਇੰਚਾਰਜ ਨੇ ਮੰਨੀ ਆਪਣੀ ਗਲਤੀ': ਉਥੇ ਹੀ ਇਸ ਸਬੰਧੀ ਚੌਂਕੀ ਇੰਚਾਰਜ ਬਲਜਿੰਦਰ ਸਿੰਘ ਨੇ ਕੈਮਰੇ ਸਾਹਮਣੇ ਨਾ ਆ ਕੇ ਕਿਹਾ ਕਿ ਕਿਸਾਨ ਜੱਥੇਬੰਦੀ ਦੇ ਆਗੂਆਂ ਨਾਲ ਕੁੱਝ ਮਨ ਮੁਟਾਵ ਹੋ ਗਿਆ ਸੀ, ਜੋ ਹੁਣ ਠੀਕ ਕਰ ਲਿਆ ਗਿਆ ਹੈ।