ਬਰਨਾਲਾ: ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਵਿਖੇ ਸਥਾਨਕ ਬਾਜ਼ੀਗਰ ਬਸਤੀ ਦੇ ਲੋਕਾਂ ਵਲੋਂ ਨਗਰ ਕੌਂਸਲ ਧਨੌਲਾ ਵੱਲੋਂ ਸੜਕ ਦਾ ਨਿਰਮਾਣ ਨਾ ਕੀਤੇ ਜਾਣ ਦਾ ਵਿਰੋਧ ਕਰਦਿਆਂ ਬਜ਼ੁਰਗ ਔਰਤ ਸਮੇਤ ਟੈਂਕੀ ’ਤੇ ਚੜ੍ਹ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿਚ ਸੱਤਾਧਿਰ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਵੀ ਸ਼ਾਮਲ ਰਹੇ।
ਸੜਕ ਦਾ ਕੰਮ ਅਧੂਰਾ : ਇਸ ਮੌਕੇ ਐਸ.ਸੀ ਵਿੰਗ ਦੇ ਸਾਬਕਾ ਸੂਬਾ ਮੀਤ ਪ੍ਰਧਾਨ ਸਤਨਾਮ ਸਿੰਘ ਫਤਿਹ ਅਤੇ ਆਸ਼ਾ ਰਾਮ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਨੂੰ ਜਾਣ ਵਾਲੀ ਸੜਕ ਤਿੰਨ ਸਾਲਾਂ ਤੋਂ ਮੁਕੰਮਲ ਨਹੀਂ ਹੋ ਸਕੀ ਹੈ ਜਦੋਂਕਿ ਕਾਂਗਰਸ ਸਰਕਾਰ ਵੇਲੇ ਇਸ ਕੰਮ ਲਈ ਕੋਈ ਪੰਜਾਹ-ਸੱਠ ਲੱਖ ਰੁਪਏ ਪਾਸ ਕੀਤੇ ਗਏ ਸਨ। ਸੀਵਰੇਜ ਲਾਈਨ ਮਿਆਰੀ ਨਾ ਹੋਣ ਕਰਕੇ ਕੰਮ ਵਿਚਾਰਕ ਹੀ ਛੱਡ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਅੱਜ ਕਾਰਜਸਾਧਕ ਅਫਸਰ ਕਹਿੰਦੇ ਹਨ ਕਿ ਉਨ੍ਹਾਂ ਕੋਲ ਕੋਈ ਫੰਡ ਨਹੀਂ ਹੈ। ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅੱਧੀ-ਅਧੂਰੀ ਸੜਕ ’ਤੇ ਹੋਏ ਖਰਚੇ ਦੀ ਜਾਂਚ ਕੀਤੀ ਜਾਵੇ ਅਤੇ ਕੰਮ ਜਲਦੀ ਪੂਰਾ ਕੀਤਾ ਜਾਵੇ।
ਪ੍ਰਦਰਸ਼ਨਕਾਰੀਆਂ ਨੇ ਸਥਾਨਕ ਵਿਧਾਇਕ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ 'ਤੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਉਹਨਾਂ ਨੇ ਆਪ ਦੇ ਵਰਕਰ ਬਣ ਕੇ ਮੀਤ ਹੇਅਰ ਨੂੰ ਜਿਤਾਉਣ ਲਈ ਦਿਨ ਰਾਤ ਇੱਕ ਕੀਤਾ। ਪਰ ਅੱਜ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਜਿੰਨਾਂ ਸਮਾਂ ਸਾਡੀ ਸੁਣਵਾਈ ਨਹੀਂ ਹੁੰਦੀ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ। ਜ਼ਿਕਰਯੋਗ ਹੈ ਕਿ ਬਾਜ਼ੀਗਰ ਬਸਤੀ ਨੂੰ ਜਾਂਦੀ ਸੜਕ ਜਿੱਥੇ ਇੱਕ ਪਾਸੇ ਤਿੰਨ ਸੌ ਘਰਾਂ ਲਈ ਮੁਸੀਬਤ ਬਣੀ ਹੋਈ ਹੈ, ਜਿਸ ਤੋਂ ਰੋਜ਼ਾਨਾ ਸੈਂਕੜੇ ਲੋਕ ਆਉਂਦੇ-ਜਾਂਦੇ ਹਨ, ਦੂਜੇ ਪਾਸੇ ਇਹ ਸੜਕ ਭੈਣੀ ਨੇੜਲੇ ਪਿੰਡਾਂ ਵਿੱਚੋਂ ਲੰਘਦੀ ਹੈ।
ਦੂਜੇ ਪਾਸੇ ਕਾਰਜਸਾਧਕ ਅਫ਼ਸਰ ਸੁਨੀਲ ਦੱਤ ਵਰਮਾ ਨੇ ਕਿਹਾ ਕਿ ਉਹ ਦੋ ਵਾਰ ਲਾਊਡ ਸਪੀਕਰ ਰਾਹੀਂ ਗੱਲ ਕਰਕੇ ਟੈਂਕੀ ’ਤੇ ਰੋਸ ਜ਼ਾਹਰ ਕਰਨ ਵਾਲੇ ਲੋਕਾਂ ਨੂੰ ਅਪੀਲ ਕਰ ਚੁੱਕੇ ਹਨ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਸੜਕ ਨੂੰ ਹੁਣੇ ਚਾਲੂ ਕੀਤਾ ਜਾਵੇ। ਨਗਰ ਕੌਂਸਲ ਧਨੌਲਾ ਦੀ ਵਿੱਤੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਕਾਰਨ ਉਨ੍ਹਾਂ ਕੋਲ ਫੰਡ ਦਾ ਕੋਈ ਵਿਕਲਪ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਹਫ਼ਤੇ ਮੁੱਖ ਮੰਤਰੀ ਦਫ਼ਤਰ ਨੇ ਧਨੌਲਾ ਵਿੱਚ ਵਿਕਾਸ ਕਾਰਜਾਂ ਲਈ ਕੀਤੇ ਕੰਮਾਂ ਦੀ ਸੂਚੀ ਮੰਗੀ ਹੈ, ਜਿਸ ਵਿੱਚ ਇਸ ਸੜਕ ਦੇ ਨਿਰਮਾਣ ਦਾ ਜ਼ਿਕਰ ਕੀਤਾ ਗਿਆ ਹੈ।