ਬਰਨਾਲਾ: ਪੰਜਾਬ ਵਿੱਚ ਲਗਾਤਾਰ ਹੋ ਰਹੀ ਗਊ ਹੱਤਿਆ ਦੇ ਰੋਸ ਵਿੱਚ ਅੱਜ ਬਰਨਾਲਾ ਸ਼ਹਿਰ ਵਿੱਚ ਹਿੰਦੂ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪਿਛਲੇ ਦਿਨੀਂ ਮਲੇਰਕੋਟਲਾ ਅਤੇ ਤਰਨ ਤਾਰਨ ਵਿੱਚ ਗਊ ਹੱਤਿਆ ਦੀਆਂ ਘਟਨਾਵਾਂ ਵਾਪਰੀਆਂ ਸਨ, ਜਿਸ ਕਾਰਨ ਹਿੰਦੂ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਵਿਰੋਧ ਵਿੱਚ ਮੰਗਲਵਾਰ ਨੂੰ ਬਰਨਾਲਾ ਦੀਆਂ ਸਾਰੀਆਂ ਹਿੰਦੂ ਜਥੇਬੰਦੀਆਂ ਵੱਲੋਂ ਇੱਕ ਮੰਚ 'ਤੇ ਇਕੱਠੇ ਹੋ ਕੇ ਸ਼ਹਿਰ ਵਿੱਚ ਰੋਸ ਮਾਰਚ ਕਰਦੇ ਹੋਏ ਪ੍ਰਦਰਸ਼ਨ ਕੀਤਾ ਗਿਆ।
ਹਿੰਦੂ ਜਥੇਬੰਦੀ ਆਗੂਆਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਦੀ ਬੇਅਦਬੀ ਅਤੇ ਹਿੰਦੂ ਧਰਮ ਦੀ ਗਊ ਮਾਤਾ ਦੀ ਹੱਤਿਆ ਦੇ ਮਾਮਲੇ ਵਿੱਚ ਪੰਜਾਬ ਵਿੱਚ ਹਾਲਾਤ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਮੌਕੇ ਹਿੰਦੂ ਜਥੇਬੰਦੀਆਂ ਦੇ ਆਗੂ ਨੀਲਮਣੀ ਸਮਾਧੀਆ ਅਤੇ ਸੰਜੀਵ ਸ਼ਰਮਾ ਨੇ ਕਿਹਾ ਕਿ ਸਾਰਿਆਂ ਨੂੰ ਪਤਾ ਹੈ ਕਿ ਹਿੰਦੂ ਧਰਮ ਵਿੱਚ ਗਊ ਮਾਤਾ ਦਾ ਸਥਾਨ ਸਭ ਤੋਂ ਉੱਪਰ ਹੈ, ਪਰ ਕੁਝ ਸ਼ਰਾਰਤੀ ਅਨਸਰ ਗਊ ਮਾਤਾ ਦੀ ਬੇਹੱਦ ਨਿਰਦਈ ਤਰੀਕੇ ਨਾਲ ਹੱਤਿਆ ਕਰ ਰਹੇ ਹਨ। ਜੋ ਪੰਜਾਬ ਦੇ ਹਾਲਾਤ ਵਿਗਾੜਨ ਵੱਲ ਇਸ਼ਾਰਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਅਤੇ ਇਸ ਬੇਅਦਬੀ ਨੂੰ ਲੈ ਕੇ ਪੰਜਾਬ ਵਿੱਚ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਹੁਣ ਗਊ ਮਾਤਾ ਦੀ ਇਸੇ ਤਰੀਕੇ ਗਲਾ ਵੱਢ ਕੇ ਹੱਤਿਆ ਕਰਨਾ ਪੰਜਾਬ ਵਿੱਚ ਹਾਲਾਤ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਇਸ ਮੁੱਦੇ 'ਤੇ ਕੋਈ ਪ੍ਰਤੀਕਿਰਿਆ ਨਹੀਂ ਦੇ ਰਹੀਆਂ ਅਤੇ ਨਾ ਹੀ ਸਰਕਾਰ ਵੱਲੋਂ ਅਤੇ ਨਾ ਹੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ। ਇਸ ਕਾਰਨ ਹਿੰਦੂ ਧਰਮ ਦੀਆਂ ਜਥੇਬੰਦੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਸਾਰੇ ਧਰਮਾਂ ਦੀਆਂ ਸੰਸਥਾਵਾਂ ਨੂੰ ਇਕਜੁੱਟ ਹੋ ਕੇ ਗਊ ਹੱਤਿਆ ਵਿਰੁੱਧ ਸੰਘਰਸ਼ ਲੜਨ ਦੀ ਲੋੜ ਹੈ ਤਾਂ ਕਿ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕੇ।