ਬਰਨਾਲਾ: ਉਦਯੋਗ ਅਤੇ ਜੰਗਲਾਤ ਮੰਤਰੀ ਸੁੰਦਰ ਸ਼ਾਮ ਅਰੋੜਾ ਅੱਜ ਬਰਨਾਲਾ ਪੁਜੇ। ਇਥੇ ਉਨ੍ਹਾਂ ਨੇ ਸਰਕਾਰ ਵੱਲੋਂ ਪਰਾਲੀ ਦੀ ਸਮੱਸਿਆ ਦਾ ਹੱਲ ਕਰਨ, ਉਦਯੋਗਿਕ ਇਕਾਈਆਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦੀ ਗੱਲ ਆਖੀ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ 'ਚ ਸਨਅਤੀਕਰਨ ਵਿੱਚ ਇਨਕਲਾਬ ਲਿਆਉਣ ਦੀ ਨੀਤੀ ਅਪਣਾਈ ਗਈ ਹੈ। ਜਿਸ ਲਈ 5 ਰੁਪਏ ਪ੍ਰਤੀ ਯੂਨਿਟ ਬਿਜਲੀ ਉਦਯੋਗ ਨੂੰ ਦਿੱਤੀ ਜਾ ਰਹੀ ਹੈ।
ਪਰਾਲੀ ਦੇ ਮੁੱਦੇ ‘ਤੇ ਗੱਲਬਾਤ ਕਰਦਿਆਂ ਕੈਬਿਨੇਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪਰਾਲੀ ਦੀ ਸਮੱਸਿਆ ਖ਼ਤਮ ਹੋ ਗਈ ਹੈ। ਆਉਣ ਵਾਲੇ ਸਮੇਂ ਵਿੱਚ ਸਰਕਾਰ ਵੱਲੋਂ ਪਰਾਲੀ ਦੇ ਹੱਲ ਲਈ ਨਵੇਂ ਉਦਯੋਗ ਸਥਾਪਤ ਕੀਤੇ ਜਾ ਰਹੇ ਹਨ।ਮਹਿੰਗੀ ਬਿਜਲੀ ਦਰਾਂ ਸਬੰਧੀ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਨੇ ਕੁਝ ਨਹੀਂ ਕੀਤਾ, ਜੋ ਵੀ ਸਮਝੌਤੇ ਹੋਏ ਉਹ ਅਕਾਲੀ ਸਰਕਾਰ ਦੌਰਾਨ ਹੋਏ ਸਨ। ਉਹ ਇਸ ਵਾਰ ਸੈਸ਼ਨ 'ਚ ਸਪੱਸ਼ਟ ਹੋ ਜਾਵੇਗਾ। ਇਸ ਸਬੰਧੀ ਸਰਕਾਰ ਵਾਈਟ ਪੇਪਰ ਫਰਵਰੀ 'ਚ ਸ਼ੈਸ਼ਨ ਵਿੱਚ ਲੈ ਕੇ ਆਵੇਗੀ।
ਸੁੰਦਰ ਸ਼ਾਮ ਅਰੋੜਾ ਨੇ ਬਰਨਾਲਾ ਜ਼ਿਲ੍ਹੇ ਦੇ ਵਿਕਾਸ ਕੰਮਾਂ ਲਈ ਇਥੇ ਫੋਕਲ ਪੁਆਇੰਟ ਸਥਾਪਤ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਅਗਾਮੀ ਸਮੇਂ 'ਚ ਇਹ ਬਰਨਾਲਾ ਦਾ ਉਦਯੋਗਿਕ ਕੇਂਦਰ ਬਣੇਗਾ।