ਬਰਨਾਲਾ: ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਅਹੁਦੇਦਾਰਾਂ ਦੀ ਜਿਲ੍ਹਾ ਪੱਧਰੀ ਅਹਿਮ ਮੀਟਿੰਗ ਬਰਨਾਲਾ ਵਿਖੇ ਹੋਈ ਹੈ। ਇਸ ਮੌਕੇ ਸਾਬਕਾ ਵਿੱਤ ਮੰਤਰੀ ਤੇ ਪਾਰਟੀ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਦੀ ਹਰ ਪੱਖ ਦੀ ਕਾਰਗੁਜ਼ਾਰੀ ਉੱਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਸਰਕਾਰ ਹਰ ਪੱਧਰ ਉੱਤੇ ਫੇਲ੍ਹ ਸਾਬਤ ਹੋਈ ਹੈ। ਉੱਥੇ ਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਪੱਧਰ ਉੱਤੇ ਹੋ ਰਹੇ ਗੱਠਜੋੜ ਨੂੰ ਮੌਕਾਪ੍ਰਸਤਾਂ ਦਾ ਗੱਠਜੋੜ ਦੱਸਿਆ ਹੈ।
ਲੋਕ ਮੌਕਾਪ੍ਰਸਤਾਂ ਨੂੰ ਦੇਣਗੇ ਜਵਾਬ : ਢੀਂਡਸਾ ਨੇ ਕਿਹਾ ਕਿ ਜੋ ਵੀ ਚੋਣਾਂ ਹਨ, ਉਹ ਨਿਰਪੱਖ ਤੌਰ ਉੱਤੇ ਹੋਣੀਆਂ ਚਾਹੀਦੀਆਂ ਹਨ ਪਰ ਮੌਜੂਦਾ ਸਰਕਾਰ ਵਲੋਂ ਚੋਣਾਂ ਵਿੱਚ ਧੱਕੇਸ਼ਾਹੀ ਦੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਮੁੱਦੇ ਨਸ਼ੇ, ਬੇਰੁਜ਼ਗਾਰੀ ਆਦਿ ਨੂੰ ਲੈ ਕੇ ਉਹਨਾਂ ਦੀ ਪਾਰਟੀ ਚੋਣਾਂ ਲੜੇਗੀ। ਉਹਨਾਂ ਕਿਹਾ ਕਿ ਇਹ ਸਾਰੀਆਂ ਪਾਰਟੀਆਂ ਦੇ ਨੇਤਾਂ ਰੋਜ਼ਾਨਾ ਹੀ ਇੱਕ ਦੂਜੇ ਨੂੰ ਗਾਲਾਂ ਕੱਢਦੇ ਹਨ, ਜਦਕਿ ਇਹ ਗੱਠਜੋੜ ਦਾ ਕੋਈ ਮੇਲ ਨਹੀਂ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਵਾਲੇ ਇਕੱਠੇ ਹੋਣ ਤੇ ਦੋਵਾਂ ਨੂੰ ਲੋਕਾਂ ਨੂੰ ਜਵਾਬ ਦੇਣਾ ਪਵੇਗਾ। ਲੋਕ ਇਹਨਾਂ ਮੌਕਾਪ੍ਰਸਤਾਂ ਨੂੰ ਮੂੰਹ ਤੋੜ ਜਵਾਬ ਦੇਣਗੇ।
ਪੰਜਾਬ 'ਚ ਨਸ਼ੇ ਦੇ ਮਾੜੇ ਹਾਲਾਤ : ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਬਹੁਤ ਮਾੜੀ ਰਹੀ ਹੈ। ਅਫ਼ਸਸ਼ਾਹੀ ਆਪਣੀ ਜਿੰਮੇਵਾਰ ਤੋਂ ਭੱਜ ਚੁੱਕੀ ਹੈ। ਲੋਕਾਂ ਨੂੰ ਹੜ੍ਹ ਪ੍ਰਭਾਵ ਦਾ ਕੋਈ ਮੁਆਵਜ਼ਾ ਨਹੀਂ ਮਿਲਿਆ। ਘੱਗਰ ਦਰਿਆ ਦੇ ਹਰ ਜਗ੍ਹਾ ਤੋਂ ਬੰਨ੍ਹ ਟੁੱਟੇ ਹਨ। ਸਰਕਾਰ ਨੇ ਹੜ੍ਹਾਂ ਨਾਲ ਨਜਿੱਠਣ ਲਈ ਕੋਈ ਕੰਮ ਨਹੀਂ ਕੀਤਾ। ਮੁੱਖ ਮੰਤਰੀ ਦੀ ਕਹਿਣੀ ਅਤੇ ਕਰਨੀ ਵਿੱਚ ਬਹੁਤ ਫ਼ਰਕ ਹੈ। ਢੀਂਡਸਾ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਦੇ ਹਾਲਾਤ ਬਹੁਤ ਮਾੜੇ ਹਨ। ਸਰਕਾਰ ਅਤੇ ਪੁਲਿਸ ਇਸਨੂੰ ਰੋਕਣ ਲਈ ਕੋਈ ਕੰਮ ਨਹੀਂ ਕਰ ਰਹੀ। ਘਰ ਘਰ ਨਸ਼ਾ ਪਹੁੰਚ ਰਿਹਾ ਹੈ। ਜੇਕਰ ਸਰਕਾਰ ਬੰਦ ਨਾ ਸਹੀ ਨਸ਼ੇ ਨੂੰ ਘੱਟ ਵੀ ਨਹੀਂ ਕਰ ਰਹੀ। ਇਸੇ ਤੋਂ ਦੁਖੀ ਲੋਕ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ। ਸਰਕਾਰ ਪੂਰੀ ਤਰ੍ਹਾਂ ਨਾਲ ਹਰ ਫ਼ਰੰਟ ਤੇ ਫ਼ੇਲ੍ਹ ਸਾਬਤ ਹੋਈ ਹੈ।