ਭਦੌੜ: ਤਲਵੰਡੀ ਰੋਡ 'ਤੇ ਗਿਆਰਾਂ ਕਿੱਲਿਆਂ ਦੇ ਨਾੜ ਨੂੰ ਅੱਗ ਲੱਗ ਗਈ ਜਿਸ ਤੋਂ ਬਾਅਦ ਲੋਕਾਂ ਦਾ ਭਾਰੀ ਇਕੱਠ ਹੋ ਗਿਆ। ਜਿਨ੍ਹਾਂ ਖੇਤਾਂ 'ਚ ਨਾੜ ਨੂੰ ਅੱਗ ਲੱਗੀ ਉਸ ਜ਼ਮੀਨ ਵਿੱਚ ਕਿਸਾਨ ਆਪਣੀ ਤੂੜੀ ਬਣਾ ਰਹੇ ਸਨ। ਅੱਗ ਲੱਗਣ ਤੋਂ ਬਾਅਦ ਜ਼ਮੀਨ ਵਿੱਚ ਚੱਲ ਰਹੀਆਂ ਮਸ਼ੀਨਾਂ ਨੂੰ ਜਲਦੀ ਨਾਲ ਬਾਹਰ ਕੱਢਿਆ ਅਤੇ 15-20 ਟਰੈਕਟਰਾਂ ਅਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ।
ਇਸ ਮੌਕੇ ਮੌਜੂਦ ਕਿਸਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ 'ਚ ਕਿਸੇ ਕਿਸਾਨ ਵਲੋਂ ਤੂੜੀ ਬਣਾ ਕੇ ਰਹਿੰਦ ਖੂੰਹਦ ਨੂੰ ਅੱਗ ਲਗਾਈ ਹੋਈ ਸੀ ਅਤੇ ਹਵਾ ਤੇਜ਼ ਚੱਲਣ ਕਾਰਨ ਅੱਗ ਕਾਬੂ ਤੋਂ ਬਾਹਰ ਹੋ ਗਈ। ਉਨ੍ਹਾਂ ਦੱਸਿਆ ਕਿ ਤਕਰੀਬਨ ਦਸ ਕਿੱਲਿਆਂ ਦੀ ਵਾਹੀ 'ਤੇ ਉਨ੍ਹਾਂ ਦੀ ਤੂੜੀ ਬਣਾਉਣ ਵਾਲੀ ਮਸ਼ੀਨ ਚੱਲ ਰਹੀ ਸੀ ਅਤੇ ਤੂੜੀ ਬਣਾਉਂਦਿਆਂ ਹੀ ਨਾੜ ਨੂੰ ਅੱਗ ਲੱਗ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਪਹਿਲਾਂ ਤਾਂ ਮਸ਼ੀਨਾਂ ਅਤੇ ਟਰੈਕਟਰਾਂ ਨੂੰ ਜ਼ਮੀਨ ਤੋਂ ਬਾਹਰ ਕੱਢ ਕੇ ਦੂਰ ਲਗਾਇਆ ਅਤੇ ਅੱਗ 'ਤੇ ਕਾਬੂ ਪਾਉਣ ਦੇ ਯਤਨ ਸ਼ੁਰੂ ਕਰ ਦਿੱਤੇ।
ਉਨ੍ਹਾਂ ਦੱਸਿਆ ਕਿ ਰੌਲਾ ਪਾਉਣ 'ਤੇ ਕਾਫੀ ਲੋਕ ਇਕੱਠੇ ਹੋ ਗਏ ਅਤੇ ਤਕਰੀਬਨ ਵੱਡੀ ਗਿਣਤੀ ਟਰੈਕਟਰ ਵੀ ਅੱਗ ਬੁਝਾਉਣ ਲਈ ਆ ਗਏ। ਉਨ੍ਹਾਂ ਨੇ ਦੱਸਿਆ ਕਿ ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਫੋਨ ਕਰ ਦਿੱਤਾ ਗਿਆ ਜੋ ਕੁਝ ਹੀ ਸਮੇਂ ਬਾਅਦ ਉੱਥੇ ਪਹੁੰਚ ਗਈ ਅਤੇ ਅੱਗ 'ਤੇ ਕਾਬੂ ਪਾ ਲਿਆ। ਕਿਸਾਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ ਸਮੇਂ ਤੱਕ ਕੁੱਲ ਗਿਆਰਾਂ ਕਿੱਲੇ ਦਾ ਨਾੜ ਸੜ ਕੇ ਸੁਆਹ ਹੋ ਗਿਆ।
ਇਸ ਦੇ ਨਾਲ ਹੀ ਪੀੜਤ ਕਿਸਾਨ ਦਾ ਕਹਿਣਾ ਕਿ ਉਹ ਇਕ ਹੋਰ ਕਿਸਾਨ ਨਾਲ ਮਿਲ ਕੇ ਇੰਨ੍ਹਾਂ ਦਸ ਕਿਲਿਆਂ ਨੂੰ ਠੇਕੇ 'ਤੇ ਲੈਕੇ ਖੇਤੀ ਕਰਦਾ ਹੈ, ਜੋ ਨੁਕਸਾਨੇ ਗਏ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਰਥਿਕ ਪੱਖੋਂ ਟੁੱਟਣ ਤੋਂ ਬਚ ਸਕਣ ਅਤੇ ਅੱਗ ਲਗਾਉਣ ਵਾਲੇ ਕਿਸਾਨ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਜਿਸ ਕਾਰਨ ਉਨ੍ਹਾਂ ਦਾ ਇੰਨਾਂ ਵੱਡਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ: ਸ਼ਿਵ ਸੈਨਾ ਆਗੂ ਦਾ ਵੱਡਾ ਬਿਆਨ, ਕਿਹਾ- ਪਟਿਆਲਾ ਝੜਪ ਨਾਲ ਸ਼ਿਵ ਸੈਨਾ ਦਾ ਨਹੀਂ ਕੋਈ ਸਬੰਧ