ਬਰਨਾਲਾ: ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ । ਇਸੇ ਸੰਘਰਸ਼ ਦੇ ਚਲਦਿਆਂ ਕੁਝ ਦਿਨ ਪਹਿਲਾਂ ਬਰਨਾਲਾ ਦੇ ਕਸਬਾ ਧਨੌਲਾ ਨਾਲ ਸੰਬੰਧਿਤ ਬੀਜੇਪੀ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਦੇ ਖੇਤ ਵਿੱਚੋਂ ਕੁਝ ਲੋਕਾਂ ਵੱਲੋਂ ਝੋਨਾ ਪੱਟ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਧਨੌਲਾ ਥਾਣੇ ਦੀ ਪੁਲਿਸ ਵੱਲੋਂ ਅਣਪਛਾਤੇ ਲੋਕਾਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ।
ਉਧਰ ਧਨੌਲਾ ਥਾਣੇ ਦੀ ਪੁਲਿਸ ਵੱਲੋਂ ਇਸ ਸਬੰਧੀ ਦਰਜ ਕੀਤੀ ਐਫਆਈਆਰ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰੈੱਸ ਸਕੱਤਰ ਬਲਵੰਤ ਸਿੰਘ ਉਪਲੀ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਹਰਜੀਤ ਗਰੇਵਾਲ ਦਾ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਲੋਕਾਂ ਪ੍ਰਤੀ ਰਵੱਈਆ ਹੈ, ਉਸ ਨੂੰ ਲੈ ਕੇ ਧਨੌਲਾ ਨਿਵਾਸੀਆਂ ਦਾ ਗੁੱਸਾ ਉਸ ਦੇ ਖੇਤ ਵਿੱਚ ਉਤਰਿਆ ਹੈ।
ਕਿਸਾਨਾਂ ਨੇ ਕਿਹਾ ਕਿ ਧਨੌਲਾ ਪੁਲਿਸ ਵੱਲੋਂ ਇਸ ਤਰ੍ਹਾਂ ਅਣਪਛਾਤੇ ਵਿਅਕਤੀਆਂ ਵਿਰੁੱਧ ਪਰਚਾ ਦਰਜ ਕਰਨਾ ਵੀ ਗ਼ਲਤ ਹੈ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਪੁਲਿਸ ਨੇ ਕਿਸਾਨ ਜਥੇਬੰਦੀਆਂ ਦੇ ਆਗੂ ਜਾਂ ਕਿਸੇ ਕਿਸਾਨ ਵਿਰੁੱਧ ਕੋਈ ਕਾਰਵਾਈ ਜਾਂ ਗ੍ਰਿਫ਼ਤਾਰੀ ਕੀਤੀ ਗਈ ਤਾਂ ਕਿਸਾਨ ਜਥੇਬੰਦੀਆਂ ਇਸਦੇ ਵਿਰੁੱਧ ਕਰੜਾ ਸੰਘਰਸ਼ ਕਰਨਗੀਆਂ।
ਕਿਸਾਨ ਆਗੂ ਕੁਲਵੰਤ ਉੱਪਲੀ ਅਤੇ ਬੀਕੇਯੂ ਡਕੌਂਦਾ ਦੇ ਧਨੌਲਾ ਨਾਲ ਸਬੰਧਤ ਕਿਸਾਨ ਆਗੂ ਬਲਦੇਵ ਸਿੰਘ ਨੇ ਕਿਹਾ ਕਿ ਧਨੌਲਾ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਹਰਜੀਤ ਗਰੇਵਾਲ ਦੀ ਜ਼ਮੀਨ ਠੇਕੇ 'ਤੇ ਨਾ ਲੈਣ ਸਬੰਧੀ ਮਤਾ ਪਾਸ ਕੀਤਾ ਗਿਆ ਹੈ। ਜੇਕਰ ਕੋਈ ਵੀ ਵਿਅਕਤੀ ਉਹਦੀ ਜ਼ਮੀਨ ਠੇਕੇ 'ਤੇ ਲਵੇਗਾ ਤਾਂ ਉਸ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਜਿਸ ਵਿਅਕਤੀ ਵੱਲੋਂ ਉਸ ਦੀ ਜ਼ਮੀਨ ਇਸ ਵਾਰ ਠੇਕੇ 'ਤੇ ਲਈ ਗਈ ਹੈ, ਉਸ ਨਾਲ ਕਿਸਾਨ ਜਥੇਬੰਦੀ ਵਲੋਂ ਸੰਪਰਕ ਕੀਤਾ ਗਿਆ ਹੈ। ਜਿਸ ਤੋਂ ਬਾਅਦ ਉਸਨੇ ਆਪਣੀ ਗਲਤੀ ਮੰਨੀ ਹੈ ਅਤੇ ਉਹ ਇਸ ਵਾਰ ਹਰਜੀਤ ਗਰੇਵਾਲ ਦੀ ਠੇਕੇ 'ਤੇ ਲਈ ਜ਼ਮੀਨ ਵਿੱਚ ਕੋਈ ਝੋਨਾ ਨਹੀਂ ਲਗਾਵੇਗਾ।
ਇਹ ਵੀ ਪੜ੍ਹੋ:ਇੱਕ ਹੋਰ ਭਾਜਪਾ ਵਰਕਰ ਚੜਿਆ ਕਿਸਾਨਾਂ ਦੇ ਧੱਕੇ, ਪਾੜੇ ਕੱਪੜੇ