ਬਰਨਾਲਾ: ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਲਾਮਬੰਦੀ ਜਾਰੀ ਹੈ। ਇਸੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਬੁੱਧਵਾਰ ਨੂੰ ਪਿੰਡ ਚੀਮਾ ਦੇ ਗੁਰਦੁਆਰਾ ਸਾਹਿਬ ਵਿਖੇ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ। ਇਸ ਮੀਟਿੰਗ 'ਚ ਕਿਸਾਨ ਆਗੂਆਂ ਨੇ ਖੇਤੀ ਆਰਡੀਨੈਂਸਾਂ ਸਬੰਧੀ ਕੀਤੇ ਜਾ ਰਹੇ ਸੰਘਰਸ਼ਾਂ 'ਤੇ ਵਿਚਾਰ ਚਰਚਾ ਕੀਤੀ।
ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਖੇਤੀ ਆਰਡੀਨੈਂਸ ਕਿਸਾਨਾਂ ਲਈ ਬੇਹੱਦ ਖਤਰਨਾਕ ਹਨ, ਕਿਉਂਕਿ ਜੇਕਰ ਇਹ ਖੇਤੀ ਆਰਡੀਨੈਂਸ ਲਾਗੂ ਹੁੰਦੇ ਹਨ ਤਾਂ ਪੰਜਾਬ ਦੀ ਕਿਸਾਨੀ ਬਿਲਕੁਲ ਬਰਬਾਦ ਹੋ ਜਾਵੇਗੀ। ਇਨ੍ਹਾਂ ਆਰਡੀਨੈਂਸਾਂ ਦੇ ਲਾਗੂ ਹੋਣ ਨਾਲ ਕਣਕ ਅਤੇ ਝੋਨੇ ਦਾ ਮੰਡੀਕਰਨ ਖਤਮ ਹੋਣ ਤੋਂ ਬਾਅਦ ਉਸ ਦਾ ਪੱਕਾ ਭਾਅ ਵੀ ਖਤਮ ਹੋ ਜਾਵੇਗਾ। ਜਿਸ ਕਰਕੇ ਇਸ ਦੇ ਵਿਰੋਧ ਵਿੱਚ 21 ਜੁਲਾਈ ਤੋਂ ਲੈ ਕੇ 26 ਜੁਲਾਈ ਤੱਕ ਪੂਰੇ ਪੰਜਾਬ ਵਿੱਚ ਅਰਥੀ ਫੂਕ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ 27 ਜੁਲਾਈ ਨੂੰ ਪੂਰੇ ਪੰਜਾਬ ਵਿੱਚ ਅਕਾਲੀ ਭਾਜਪਾ ਲੀਡਰਾਂ ਦੀਆਂ ਕੋਠੀਆਂ ਦਾ ਘਿਰਾਓ ਕਰਕੇ ਧਰਨੇ ਦਿੱਤੇ ਜਾਣਗੇ।
ਬਰਨਾਲਾ ਜ਼ਿਲ੍ਹੇ ਦੇ ਕਿਸਾਨਾਂ ਵੱਲੋਂ 27 ਜੁਲਾਈ ਨੂੰ ਟਰੈਕਟਰ ਮਾਰਚ ਕਰਨ ਤੋਂ ਬਾਅਦ ਅਕਾਲੀ ਲੀਡਰ ਬਲਬੀਰ ਸਿੰਘ ਘੁੰਨਸ ਦੀ ਕੋਠੀ ਅੱਗੇ ਧਰਨਾ ਦਿੱਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਕੇਂਦਰ ਦੀ ਭਾਜਪਾ ਸਰਕਾਰ ਨਾਲ ਭਾਈਵਾਲ ਹੈ, ਇਸ ਕਰਕੇ ਅਕਾਲੀ ਲੀਡਰਾਂ ਦੀਆਂ ਕੋਠੀਆਂ ਦਾ ਵੀ ਘਿਰਾਓ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕਿਸਾਨ ਜਥੇਬੰਦੀ ਦੇ ਆਗੂਆਂ ਨੂੰ ਪਰਚਾ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਿਸ ਸਬੰਧੀ ਉਨ੍ਹਾਂ ਨੂੰ ਘਰਾਂ ਵਿੱਚ ਪੱਤਰ ਭੇਜੇ ਗਏ ਹਨ। ਪਰ ਉਹ ਇਨ੍ਹਾਂ ਪਰਚਿਆਂ ਤੋਂ ਘਬਰਾਉਣ ਵਾਲੇ ਨਹੀਂ ਹਨ। ਕਿਸਾਨ ਹਿੱਤਾਂ ਲਈ ਉਨ੍ਹਾਂ ਨੂੰ ਅਜਿਹੇ ਪਰਚਿਆਂ ਦੀ ਕੋਈ ਪ੍ਰਵਾਹ ਨਹੀਂ ਹੈ।