ਬਰਨਾਲਾ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਕਿਸਾਨ ਸੰਘਰਸ਼ ਕਰ ਰਹੇ ਹਨ। ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ 25 ਸਤੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਅੱਜ ਪੂਰੇ ਬਰਨਾਲਾ ਜ਼ਿਲ੍ਹੇ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲਿਆ ਹੈ। ਕਿਸਾਨ ਜਥੇਬੰਦੀਆਂ ਨੇ ਬਰਨਾਲਾ ਦੇ 5 ਮੁੱਖ ਮਾਰਗਾਂ 'ਤੇ ਵੱਡੇ ਜਾਮ ਲਗਾ ਕੇ ਕੇਂਦਰ ਸਰਕਾਰ ਨੂੰ ਲਲਕਾਰ ਮਾਰਦਿਆਂ ਇਨ੍ਹਾਂ ਖੇਤੀ ਬਿੱਲਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।
ਕਿਸਾਨ ਆਗੂ ਸਿਕੰਦਰ ਸਿੰਘ ਮਾਨ, ਦਰਸ਼ਨ ਸਿੰਘ ਉੱਗੋਕੇ ਅਤੇ ਜਗਰਾਜ ਸਿੰਘ ਨੇ ਕਿਹਾ ਕਿ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਜੋ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਉਸ ਨੂੰ ਬਰਨਾਲਾ ਵਾਸੀਆਂ ਵੱਲੋਂ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ। ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ, ਔਰਤਾਂ, ਨੌਜਵਾਨ ਘਰਾਂ ਤੋਂ ਬਾਹਰ ਨਿਕਲ ਕੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਸੜਕਾਂ 'ਤੇ ਉੱਤਰੇ ਹਨ। ਉਨ੍ਹਾਂ ਕਿਹਾ ਕਿ ਇਹ ਖੇਤੀ ਬਿੱਲ ਪੰਜਾਬ ਦੀ ਕਿਸਾਨੀ ਅਤੇ ਆਰਥਿਕਤਾ ਨੂੰ ਬਿੱਲਕੁਲ ਉਜਾੜ ਕੇ ਰੱਖ ਦੇਣਗੇ ਜਿਸ ਤੋਂ ਪੰਜਾਬ ਦੇ ਕਿਸਾਨ ਭਲੀ ਭਾਂਤ ਜਾਣੂ ਹੋ ਚੁੱਕੇ ਹਨ। ਕਿਸਾਨ ਹੁਣ ਆਪਣੀ ਹੋਂਦ ਨੂੰ ਬਚਾਉਣ ਲਈ ਸੜਕਾਂ 'ਤੇ ਉੱਤਰ ਆਏ ਹਨ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਜਿਸ ਤਰ੍ਹਾਂ ਦੇ ਲੰਗਰ-ਪਾਣੀ ਦੇ ਪ੍ਰਬੰਧ ਕੀਤੇ ਗਏ ਹਨ, ਉਸ ਤੋਂ ਕਿਤੇ ਵੱਧ ਕੇ ਲੋਕ ਧਰਨਿਆਂ ਵਿੱਚ ਨਿਕਲੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਅਕਾਲੀ ਦਲ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਕਾਲੀ ਪਾਰਟੀ ਦੇ ਆਗੂ ਨੇ ਧਰਨੇ ਦੌਰਾਨ ਜਿਹੜੀ ਟਰੈਕਟਰ ਨੂੰ ਕਿਸਾਨਾਂ ਪੁੱਤ ਕਹਿ ਕੇ ਅੱਗ ਲਗਾਈ ਹੈ। ਕੋਈ ਕਿਸਾਨ ਆਪਣੇ ਪੁੱਤ ਟਰੈਕਟਰ ਨੂੰ ਅੱਗ ਨਹੀਂ ਲਗਾਉਂਦਾ। ਉਨ੍ਹਾਂ ਕਿਹਾ ਕਿ ਅਕਾਲੀ ਆਪਣੇ ਵੋਟ ਬੈਂਕ ਇੱਕਠਾ ਕਰਨ ਦੀ ਖ਼ਾਤਰ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬੀਬੀ ਹਰਸਿਮਰਤ ਕੌਰ ਨੇ ਅਸਤੀਫਾ ਕਿਸਾਨਾਂ ਲਈ ਨਹੀਂ ਦਿੱਤਾ। ਹਰਸਿਮਰਤ ਕੌਰ ਬਾਦਲ ਨੂੰ ਅਸਤੀਫਾ ਵੀ ਕਿਸਾਨਾਂ ਦੇ ਖੇਤੀ ਬਿੱਲਾਂ ਸੋਂਧੀ ਉੱਠੇ ਰੋਸ ਨੂੰ ਦੇਖਦਿਆਂ ਦੇਣਾ ਪਿਆ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅੱਜ ਦਾ ਧਰਨਾ ਸੀ ਉਹ ਸੰਕੇਤਕ ਸੀ ਜਿਹੜਾ ਅੱਗੇ ਧਰਨੇ ਦਿੱਤੇ ਜਾਣੇ ਹਨ ਉਹ 1 ਅਕਤੂਬਰ ਨੂੰ ਸ਼ੁਰੂ ਹੋਣਗੇ। 1 ਅਕਤੂਬਰ ਤੋਂ ਰੇਲਾਂ ਨੂੰ ਜਾਮ ਕਰਨਗੇ ਤੇ ਦਿੱਲੀ ਵੱਲ ਕੂਚ ਕਰਨਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਦੀ ਸਰਕਾਰ ਇਨ੍ਹਾਂ ਆਰਡੀਨੈਂਸਾਂ ਨੂੰ ਵਾਪਸ ਨਹੀਂ ਲੈਂਦੀ ਤਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।
ਇਹ ਵੀ ਪੜ੍ਹੋ:ਅਕਾਲੀ ਦਲ ਦੇ ਧਰਨੇ 'ਤੇ ਟਰੈਕਟਰ ਨੂੰ ਅੱਗ ਲਗਾ ਕੇ ਜਤਾਇਆ ਰੋਸ