ਬਰਨਾਲਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲਗਾਤਾਰ ਕਿਸਾਨ ਰੇਲਵੇ ਟਰੈਕਾਂ ਅਤੇ ਸੜਕਾਂ 'ਤੇ ਡਟ ਕੇ ਸੰਘਰਸ਼ ਕਰ ਰਹੇ ਹਨ। ਲਗਾਤਾਰ ਛੇਵੇਂ ਦਿਨ ਵੀ ਕਿਸਾਨਾਂ ਦਾ ਧਰਨਾ ਬਰਨਾਲਾ ਦੇ ਰੇਲਵੇ ਸਟੇਸ਼ਨ 'ਤੇ ਜਾਰੀ ਰਿਹਾ। ਵੱਡੀ ਗਿਣਤੀ ਵਿੱਚ ਕਿਸਾਨ, ਔਰਤਾਂ ਅਤੇ ਨੌਜਵਾਨ ਛੇਵੇਂ ਦਿਨ ਵੀ ਧਰਨੇ ਦੇ ਵਿੱਚ ਸ਼ਾਮਿਲ ਹੋਏ।
ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨਾਂ ਨੇ ਦੱਸਿਆ ਕਿ ਲਗਾਤਾਰ ਪੰਜਾਬ ਅਤੇ ਕੇਂਦਰ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਤਾਰੋਪੀੜ ਕਰਨ ਦੀ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ 'ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਪੰਜਾਬ ਦਾ ਕਿਸਾਨ ਲਗਾਤਾਰ ਰੇਲਵੇ ਸਟੇਸ਼ਨਾਂ 'ਤੇ ਡਟਿਆ ਹੋਇਆ ਹੈ। ਉਹ ਕਿਸੇ ਵੀ ਸਥਿਤੀ ਵਿੱਚ ਇਨ੍ਹਾਂ ਰੇਲਵੇ ਟਰੈਕਾਂ ਨੂੰ ਖਾਲੀ ਨਹੀਂ ਕਰਨਗੇ ਜਦੋਂ ਤੱਕ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ, ਚਾਹੇ ਸਰਕਾਰ ਉਨ੍ਹਾਂ ਦੇ ਉੱਪਰ ਦੀ ਰੇਲਾਂ ਨੂੰ ਕਿਉਂ ਨਾ ਚੜ੍ਹਾ ਦੇਵੇ।
ਕਿਸਾਨ ਨੇ ਕਿਹਾ ਕਿ ਜੋ ਕੈਪਟਨ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਆਪਣੇ ਵਾਅਦੇ ਮੁੱਕਰ ਸਕਦਾ ਹੈ, ਅਸੀਂ ਉਸ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੂੰ ਠੋਕਰ ਮਾਰਦੇ ਹਾਂ। ਕਿਉਂਕਿ ਸੂਬੇ ਦੀ ਕਾਂਗਰਸ ਸਰਕਾਰ ਪਹਿਲਾਂ ਹੀ ਖੇਤੀ ਸਬੰਧੀ ਬਿੱਲ ਪਾਸ ਕਰ ਚੁੱਕੀ ਹੈ। ਹੁਣ ਜਦੋਂ ਕੇਂਦਰ ਸਰਕਾਰ ਨੇ ਖੇਤੀ ਸਬੰਧੀ ਲਿਆਂਦੇ ਹਨ ਤਾਂ ਇਹ 2022 ਦੀਆਂ ਵੋਟਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨਾਂ ਦੇ ਹਿਤੈਸ਼ੀ ਹੋਣ ਦੀ ਡਰਾਮੇਬਾਜ਼ੀ ਕਰ ਰਹੀ ਹੈ।
ਕੇਂਦਰ ਅਤੇ ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤਾਂ ਨੂੰ ਅਣਗੌਲਿਆਂ ਕਰਦੇ ਉਨ੍ਹਾਂ ਨਾਲ ਲਗਾਤਾਰ ਧੱਕਾ ਕਰ ਰਹੀ ਹੈ। ਉੱਥੇ ਕੇਂਦਰ ਅਤੇ ਪੰਜਾਬ ਦੀ ਸਰਕਾਰ ਵੱਲੋਂ ਕੋਰੋਨਾ ਦੀ ਆੜ ਵਿੱਚ ਕਿਸਾਨਾਂ ਉੱਤੇ ਲਗਾਤਾਰ ਆਪਣੀਆਂ ਮਨ ਮਰਜ਼ੀਆਂ ਥੋਪ ਰਹੀ ਹੈ। ਪੰਜਾਬ ਦੇ ਜ਼ਰਖੇਜ਼ ਭੂਮੀ ਨੂੰ ਇਨ੍ਹਾਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਵੱਲ ਤੁਰੀ ਹੈ। ਪੰਜਾਬ ਭਰ ਦੀਆਂ 31 ਜਥੇਬੰਦੀਆਂ ਵੱਲੋਂ ਇਨ੍ਹਾਂ ਕਿਸਾਨ ਵਿਰੋਧੀ ਬਿੱਲਾਂ ਦੇ ਵਿਰੋਧ ਵਿੱਚ ਲਗਾਤਾਰ ਪ੍ਰਦਰਸ਼ਨ ਕਰਦੇ ਰਹਿਣਗੇ।