ਬਰਨਾਲਾ: ਕੋਰੋਨਾ ਵਾਇਰਸ ਦੀ ਮਹਾਂਮਾਰੀ ਜਿੱਥੇ ਇੱਕ ਪਾਸੇ ਆਮ ਜਨਤਾ ਲਈ ਸਮੱਸਿਆ ਬਣੀ ਹੋਈ ਹੈ, ਉੱਥੇ ਹੀ ਕਿਸਾਨਾਂ ਦੀਆਂ ਸਮੱਸਿਆਵਾਂ ਵੀ ਦਿਨੋ-ਦਿਨ ਵੱਧਦੀਆਂ ਜਾ ਰਹੀਆਂ ਹਨ। ਸਰਕਾਰ ਵੱਲੋਂ ਖੇਤ ਵਾਲੀਆਂ ਮੋਟਰਾਂ ਉੱਤੇ ਬਿਜਲੀ ਬਿੱਲ ਲਗਾ ਕੇ ਸਬਸਿਡੀ ਦੇਣ ਦੀ ਨੀਤੀ ਬਣਾਈ ਜਾ ਰਹੀ ਹੈ, ਜਿਸ ਦਾ ਕਿਸਾਨਾਂ ਵੱਲੋਂ ਵਿਰੋਧ ਪ੍ਰਗਟਾਇਆ ਜਾ ਰਿਹਾ ਹੈ।
ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆਂ ਵੱਲੋਂ ਡੀ.ਸੀ ਬਰਨਾਲਾ ਨੂੰ ਮੰਗ ਪੱਤਰ ਦੇ ਕੇ ਬੀਜ ਘੁਟਾਲੇ ਦੀ ਨਿਰਪੱਖ ਜਾਂਚ ਦੀ ਮੰਗ ਅਤੇ ਬਿਜਲੀ ਬਿੱਲਾਂ ਦਾ ਵਿਰੋਧ ਪ੍ਰਗਟਾਇਆ ਗਿਆ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਕਿਸਾਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਸਬਸਿਡੀ ਦੇਣ ਦੇ ਬਹਾਨੇ ਬਿਜਲੀ ਬਿੱਲ ਖੇਤਾਂ ਦੀਆਂ ਮੋਟਰਾਂ 'ਤੇ ਲਗਾਉਣ ਦੀ ਨੀਤੀ ਬਣਾਈ ਜਾ ਰਹੀ ਹੈ। ਪੰਜਾਬ ਦਾ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਹੈ, ਪਰ ਹੁਣ ਸਰਕਾਰ ਟੇਢੇ ਢੰਗ ਨਾਲ ਕਿਸਾਨਾਂ ਤੋਂ ਖੇਤ ਮੋਟਰਾਂ ਦੇ ਬਿੱਲ ਵਸੂਲਣ ਦੀ ਤਿਆਰੀ ਕਰ ਰਹੀ ਹੈ।
ਸਰਕਾਰ ਦੀ ਇਸ ਨੀਤੀ ਨੂੰ ਪੰਜਾਬ ਦੇ ਕਿਸਾਨ ਕਿਸੇ ਵੀ ਹਾਲਤ ਬਰਦਾਸ਼ਤ ਨਹੀਂ ਕਰਨਗੇ ਅਤੇ ਇਸ ਦਾ ਸੜਕਾਂ ਤੇ ਉੱਤਰ ਕੇ ਵਿਰੋਧ ਕਰਨਗੇ। ਕਿਸਾਨਾਂ ਨੇ ਕਿਹਾ ਕਿ ਬੀਜ ਕਾਲੇ ਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਹੱਥ ਹੈ ਅਤੇ ਉਸਦੇ ਚਹੇਤਿਆਂ ਵੱਲੋਂ ਬੀਜ ਘੁਟਾਲਿਆਂ ਰਾਹੀਂ ਕਿਸਾਨਾਂ ਦੀ ਅੰਨ੍ਹੀ ਲੁੱਟ ਕੀਤੀ ਗਈ ਹੈ। ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਸਾਰੇ ਦੋਸ਼ੀਆਂ 'ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।