ਬਰਨਾਲਾ: ਜ਼ਿਲ੍ਹੇ ਦੇ ਹਲਕਾ ਭਦੌੜ ਦੇ ਨੇੜਲੇ ਪਿੰਡ ਸੰਧੂ ਕਲਾਂ ਤੇ ਬੱਲੋ ਪਿੰਡ ਦੇ ਵਿਚਕਾਰ ਕਿਸਾਨਾਂ ਨੇ ਨੈਸ਼ਨਲ ਅਥਾਰਟੀ ਅਧਿਕਾਰੀਆਂ ਦਾ ਘਿਰਾਓ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹਲਕਾ ਭਦੌੜ ਦੇ ਪਿੰਡ ਸੰਧੂ ਕਲਾਂ ਤੇ ਬੱਲੋਂ ਵਿਚਕਾਰ ਲੁਧਿਆਣਾ ਬਠਿੰਡਾ ਭਾਰਤ ਮਾਲਾ ਗਰੀਨ ਫ਼ੀਲਡ ਪ੍ਰੋਜੈਕਟ ਤਹਿਤ ਜ਼ਮੀਨ ਅਕਵਾਇਰ ਕਰਨ ਲਈ ਨੈਸ਼ਨਲ ਅਥਾਰਟੀ ਅਧਿਕਾਰੀਆਂ ਮਸੀਨਰੀ ਸਮੇਤ ਪਹੁੰਚੇ ਜਿਨ੍ਹਾਂ ਨੂੰ ਕਿਸਾਨਾਂ ਨੇ ਖੇਤਾਂ ਚੋਂ ਕੱਢ ਕੇ ਘਿਰਾਓ ਕਰ ਲਿਆ।
ਜ਼ਮੀਨ ਅਕਵਾਇਰ ਕਰਨ ਪਹੁੰਚੇ ਸੀ ਅਧਿਕਾਰੀ: ਮਿਲੀ ਜਾਣਕਾਰੀ ਮੁਤਾਬਿਕ ਭਾਰਤ ਮਾਲਾ ਪ੍ਰੋਜੈਕਟ ਤਹਿਤ ਲੁਧਿਆਣਾ ਤੋਂ ਬਠਿੰਡਾ ਹਾਈਵੇ ਕੱਢਿਆ ਜਾਣਾ ਹੈ ਤੇ ਇਸ ਰੋਡ ਤੇ ਅਧਿਕਾਰੀ ਵੱਡੀ ਗਿਣਤੀ ਚ ਬਰਨਾਲਾ ਪੁਲਿਸ ਨਾਲ ਜ਼ਮੀਨ ਅਕਵਾਇਰ ਕਰਨ ਬੱਲੋ ਅਤੇ ਸੰਧੂ ਕਲਾਂ ਪਿੰਡ ਦੇ ਖੇਤਾਂ ਚ ਪਹੁੰਚੇ ਤੇ ਜਦ ਜੇਸੀਬੀ ਅਤੇ ਹੋਰ ਮਸ਼ੀਨਾਂ ਨਾਲ ਕੰਮ ਸੂਰੂ ਕੀਤਾ ਤਾਂ ਕਿਸਾਨਾਂ ਨੇ ਘਿਰਾਓ ਕਰ ਲਿਆ। ਸੜਕ ਦੇ ਦੋਵੇਂ ਪਾਸੇ ਕੰਬਾਇਨਾਂ ਨਾਲ ਰਸਤਾ ਬੰਦ ਕਰ ਦਿੱਤਾ ਗਿਆ।
ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ ਲਈ ਆਏ ਅਧਿਕਾਰੀਆਂ ਦਾ ਘਿਰਾਓ: ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਬਠਿੰਡਾ ਤੋਂ ਲੁਧਿਆਣਾ ਰੋਡ ਕੱਢਿਆ ਜਾ ਰਿਹਾ ਹੈ ਜਿਸ ਦਾ ਨਾਮ ਭਾਰਤ ਮਾਲਾ ਪ੍ਰੋਜੈਕਟ ਰਖਿਆ ਗਿਆ ਹੈ ਅਤੇ ਬਰਨਾਲਾ ਜ਼ਿਲ੍ਹੇ ਦੀ ਜ਼ਮੀਨ ਪਿੰਡ ਸੰਧੂ ਕਲਾਂ ਤੋਂ ਲੈ ਕੇ ਗਾਗੇਵਾਲ ਤੱਕ ਤਕਰੀਬਨ 30 ਕਿਲੋਮੀਟਰ ਵਿੱਚ 12 ਪਿੰਡਾਂ ਦੀ ਸਾਢੇ ਚਾਰ ਸੌ ਏਕੜ ਜ਼ਮੀਨ ਇਸ ਪ੍ਰੋਜੈਕਟ ਦੇ ਅਧੀਨ ਆ ਰਹੀ ਹੈ ਅਤੇ ਜਦੋਂ ਤੋਂ ਇਸ ਪ੍ਰੋਜੈਕਟ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਉਸ ਸਮੇਂ ਤੋਂ ਅਸੀਂ ਇਸ ਦਾ ਵਿਰੋਧ ਕਰ ਰਹੇ ਹਨ ਕੋਈ ਵੀ ਅਧਿਕਾਰੀ ਗੱਲ ਸੁਣਨ ਨੂੰ ਤਿਆਰ ਨਹੀਂ ਸਗੋਂ ਬਾਰ ਬਾਰ ਇਸ ਪ੍ਰੋਜੈਕਟ ਦੀ ਨਿਸ਼ਾਨਦੇਹੀ ਕਰਨ ਲਈ ਅਧਿਕਾਰੀ ਆ ਰਹੇ ਹਨ ਜਦਕਿ ਪਹਿਲਾਂ ਵੀ ਕਈ ਵਾਰ ਇਸ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ ਲਈ ਆਏ ਅਧਿਕਾਰੀਆਂ ਦਾ ਘਿਰਾਓ ਕੀਤਾ ਜਾ ਚੁੱਕਾ ਹੈ।
ਮੰਗਾਂ ਵੱਲ ਨਹੀਂ ਦਿੱਤਾ ਜਾ ਰਿਹਾ ਧਿਆਨ: ਪ੍ਰਾਜੈਕਟ ਸਬੰਧੀ ਅਧਿਕਾਰੀ ਪਿੰਡ ਸੰਧੂ ਕਲਾਂ ਵਿਖੇ ਜ਼ਮੀਨ ਐਕਵਾਇਰ ਕਰਨ ਲਈ ਆਏ ਹਨ ਕਿਸਾਨਾ ਦੁਆਰਾ ਮਸ਼ੀਨਾਂ ਸਮੇਤ ਘਿਰਾਓ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਜਿੰਨਾ ਸਮਾਂ ਕੋਈ ਵੀ ਇਸ ਪ੍ਰੋਜੈਕਟ ਦਾ ਅਧਿਕਾਰੀ ਉਨ੍ਹਾਂ ਨਾਲ ਬੈਠ ਕੇ ਗੱਲ ਨਹੀਂ ਕਰਦਾ ਅਤੇ ਉਹਨਾਂ ਦੀਆਂ ਮੰਗਾਂ ਤੇ ਧਿਆਨ ਨਹੀਂ ਦਿੰਦਾ ਹੈ ਅਤੇ ਇਸ ਪ੍ਰਾਜੈਕਟ ਨੂੰ ਸਿਰੇ ਚਾੜਨਾ ਤਾਂ ਦੂਰ ਸਗੋਂ ਕਿਸੇ ਅਧਿਕਾਰੀ ਨੂੰ ਆਪਣੇ ਖੇਤਾਂ ਵਿਚ ਵੜਨ ਨਹੀਂ ਦਿੱਤਾ ਜਾਵੇਗਾ।