ਬਰਨਾਲਾ: ਬਰਨਾਲਾ ਸ਼ਹਿਰ ਵਿਚ ਕਿਸਾਨਾਂ ਉਪਰ ਦਰਜ ਕੀਤੇ ਮਾਇਨਿੰਗ ਦੇ ਦੋਸ਼ਾਂ ਤਹਿਤ ਪਰਚੇ ਅਤੇ ਜੁਰਮਾਨੇ ਦੇ ਵਿਰੋਧ ਵਿੱਚ ਬੀਕੇਯੂ ਕਾਦੀਆਂ ਤੇ ਰਾਜੇਵਾਲ ਦਾ ਪੱਕਾ ਮੋਰਚਾ ਹੁਣ ਚੌਥੇ ਦਿਨ ਵਿਚ ਦਾਖਿਲ ਹੋਗਿਆ ਹੈ। ਅੱਜ ਇਹਨਾਂ ਕਿਸਾਨਾਂ ਨਾਲ ਇਸ ਧਰਨੇ ਦੀ ਹਮਾਇਤ ਵਿੱਚ ਹੋਰ ਕਿਸਾਨ ਜੱਥੇਬੰਦੀਆਂ ਅਤੇ ਸੰਸਥਾਵਾਂ ਵੀ ਨਿੱਤਰ ਆਈਆਂ। ਇਸ ਧਰਨੇ ਦੀ ਹਮਾਇਤ ਵਿੱਚ ਸੰਯੁਕਤ ਕਿਸਾਨ ਮੋਰਚਾ, ਪੰਚਾਇਤ ਯੂਨੀਅਨ,ਸੰਘਰਸ਼ਸ਼ੀਲ ਜਥੇਬੰਦੀਆਂ,ਮੁਲਾਜ਼ਮ ਜਥੇਬੰਦੀਆਂ ਆਦਿ ਪੁੱਜੀਆਂ। ਕਿਸਾਨ ਆਗੂਆਂ ਨੇ ਦੱਸਿਆ ਕਿ ਇਹ ਸਾਰਾ ਮਾਮਲਾ ਬਰਨਾਲਾ ਦੇ ਪਿੰਡ ਛੀਨੀਵਾਲ ਨਾਲ ਸਬੰਧਤ ਹੈ, ਜਿੱਥੇ ਇਹ ਪੱਕਾ ਮੋਰਚਾ ਕਿਸਾਨਾਂ ਨੂੰ ਜੁਰਮਾਨੇ ਦੇ ਨੋਟਿਸ ਜਾਰੀ ਕਰਕੇ ਖੋਲ੍ਹਿਆ ਗਿਆ ਹੈ।
ਦਿਨੋ-ਦਿਨ ਕਿਸਾਨਾਂ ਦਾ ਕਾਫ਼ਲਾ ਵਧਦਾ ਜਾ ਰਿਹਾ: ਇਸ ਸਬੰਧੀ ਪਿਛਲੇ 4 ਦਿਨ੍ਹਾਂ ਤੋਂ ਬੀ.ਕੇ.ਯੂ.ਕਾਦੀਆਂ ਅਤੇ ਬੀ.ਕੇ.ਯੂ.ਰਾਜੇਵਾਲ ਵਲੋਂ ਡੀ.ਸੀ.ਦਫ਼ਤਰ ਬਰਨਾਲਾ ਦੇ ਬਾਹਰ ਪੱਕਾ ਮੋਰਚਾ ਲਾਇਆ ਹੋਇਆ ਹੈ। ਇਹ ਧਰਨਾ ਦਿਨ ਰਾਤ ਜਾਰੀ ਹੈ ਅਤੇ ਇਹ ਧਰਨਾ ਹੁਣ ਇੱਕ ਵਿਸ਼ਾਲ ਮੋਰਚੇ ਦਾ ਰੂਪ ਧਾਰਨ ਕਰਦਾ ਨਜ਼ਰ ਆ ਰਿਹਾ ਹੈ। ਜਿਸ ਵਿੱਚ ਦਿਨੋ-ਦਿਨ ਕਿਸਾਨਾਂ ਦਾ ਕਾਫ਼ਲਾ ਵਧਦਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਸਖ਼ਤ ਸ਼ਬਦਾਂ ਵਿੱਚ ਅਲਟੀਮੇਟਮ ਦਿੱਤਾ ਕਿ ਜੇਕਰ ਪ੍ਰਸ਼ਾਸਨ ਅਤੇ ਸਰਕਾਰ ਨੇ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਤਾਂ ਆਉਣ ਵਾਲੇ ਸਮੇਂ 'ਚ ਇਹ ਧਰਨਾ ਮੰਤਰੀ ਦੇ ਘਰ ਦਾ ਘਿਰਾਓ ਕਰਕੇ ਵੀ ਸੜਕਾਂ 'ਤੇ ਆ ਸਕਦਾ ਹੈ, ਇਸ ਨਾਲ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਹੀਂ ਲੈਣਾ ਚਾਹੀਦਾ। ਕਿਸਾਨ ਆਗੂਆਂ ਨੇ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਮੰਗ ਨਾ ਮੰਨੀ ਗਈ ਤਾਂ ਸੜਕਾਂ 'ਤੇ ਜਾਮ ਲਗਾਇਆ ਜਾਵੇਗਾ। ਉਹਨਾਂ ਕਿਹਾ ਕਿ ਆਉਣ ਵਾਲੇ 3 ਦਿਨਾਂ 'ਚ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਇਹ ਹੈ ਸਾਰਾ ਮਾਮਲਾ: ਪਹਿਲਾਂ ਇਸ ਪੂਰੇ ਮਾਮਲੇ 'ਤੇ ਨਜ਼ਰ ਮਾਰੀਏ ਤਾਂ ਕਿਸਾਨ ਜਥੇਬੰਦੀਆਂ ਮੁਤਾਬਕ ਇਹ ਸਾਰਾ ਮਾਮਲਾ ਕਰੀਬ ਡੇਢ ਸਾਲ ਪੁਰਾਣਾ ਹੈ। ਪਿੰਡ ਛੀਨੀਵਾਲ ਦੇ ਕੁਝ ਕਿਸਾਨਾਂ ਨੇ ਪ੍ਰੋਟੋਕੋਲ ਦੇ ਆਧਾਰ 'ਤੇ ਆਪਣੇ ਖੇਤਾਂ 'ਚੋਂ ਮਿੱਟੀ ਚੁੱਕੀ ਸੀ,ਪਰ ਕੁਝ ਲੋਕਾਂ ਦੀ ਸ਼ਿਕਾਇਤ 'ਤੇ ਸ਼ਰਾਰਤੀ ਅਨਸਰਾਂ ਨੂੰ ਮਾਈਨਿੰਗ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਜਿਸ ਕਾਰਨ ਇਸ ਮਾਮਲੇ ਨੂੰ ਮਾਈਨਿੰਗ ਦਾ ਕੇਸ ਬਣਾ ਦਿੱਤਾ ਅਤੇ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਕਾਨੂੰਨੀ ਨੋਟਿਸ ਭੇਜ ਕੇ ਦੋ ਲੱਖ 26 ਹਜ਼ਾਰ ਦਾ ਜੁਰਮਾਨਾ ਕਰ ਦਿੱਤਾ। ਜਿਸ ਲਈ ਕਿਸਾਨ ਜੱਥੇਬੰਦੀਆਂ ਲਗਾਤਾਰ ਸੰਘਰਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਪੂਰੇ ਮਾਮਲੇ ਵਿੱਚ ਪੰਜਾਬ ਸਰਕਾਰ ਦੇ ਮਾਈਨਿੰਗ ਮੰਤਰੀ ਮੀਤ ਹੇਅਰ ਨੂੰ ਵੀ ਤਿੰਨ ਵਾਰ ਮਿਲ ਚੁੱਕੇ ਹਨ,ਪ੍ਰਸ਼ਾਸਨ ਨੂੰ ਵੀ ਮਿਲ ਚੁੱਕੇ ਹਨ ਪਰ ਸਭ ਬੇਅਰਥ ਸਾਬਤ ਹੋਏ ਹਨ।