ਬਰਨਾਲਾ: ਪੰਜਾਬ ਦੇ ਪਾਣੀ, ਖੇਤੀ ਤੇ ਕਿਸਾਨੀ ਸੰਕਟ ਦੇ ਮਸਲੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਭਗਵੰਤ ਮਾਨ ਨੂੰ ਘੇਰਿਆ ਹੈ।
ਮਨਜੀਤ ਧਨੇਰ ਨੇ ਕਿਹਾ ਕਿ ਪੰਜਾਬ ਵਿੱਚ ਪਾਣੀ ਬਚਾਉਣ ਦੇ ਸਰਕਾਰ ਦੇ ਉਪਰਾਲੇ ਦਾ ਉਹ ਸਵਾਗਤ ਕਰਦੇ ਹਨ। ਪ੍ਰੰਤੂ ਸਰਕਾਰ ਇਸ ਮਸਲੇ 'ਤੇ ਕਿਸਾਨ ਯੂਨੀਅਨ ਜੱਥੇਬੰਦੀਆਂ ਨਾਲ ਗੱਲਬਾਤ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜ਼ਮੀਨੀ ਪੱਧਰ ਦੇ ਹਾਲਾਤ ਤੋਂ ਜਾਣੂੰ ਹੋਣ।
ਸਰਕਾਰ ਇੱਕ ਪਾਸੇ ਝੋਨੇ ਦਾ ਪੀਆਰ126 ਬੀਜ ਬੀਜਣ ਲਈ ਕਹਿ ਰਹੀ ਹੈ, ਪ੍ਰੰਤੂ ਦੂਜੇ ਪਾਸੇ ਇਹ ਬੀਜ ਕਿਸਾਨਾਂ ਨੂੰ ਮਿਲ ਹੀ ਨੀ ਰਿਹਾ। ਜਿਸ ਕਰਕੇ ਮਜਬੂਰਨ ਕਿਸਾਨ ਪੂਸਾ ਕਿਸਮਾਂ ਦੀ ਪਨੀਰੀ ਲਗਾਉਣ ਨੂੰ ਮਜ਼ਬੂਰ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਜਿਸ ਮੂੰਗੀ ਦੀ ਫ਼ਸਲ ਦੇ 55 ਦਿਨਾਂ ਵਿਚ ਪੱਕਣ ਦਾ ਦਾਅਵਾ ਕਰ ਰਹੇ ਹਨ, ਇਹ ਦਾਅਵਾ ਹੀ ਗਲਤ ਹੈ। ਕਿਉਂਕਿ ਜੋ ਮੂੰਗੀ ਅਸੀਂ ਲੰਬੇ ਸਮੇਂ ਤੋਂ ਖੇਤੀਬਾੜੀ ਯੂਨੀਵਰਸਿਟੀ ਦੀ ਸਿਫਾਰਸ਼ 'ਤੇ ਲਗਾ ਰਹੇ ਹਾਂ, ਉਹ ਮੂੰਗੀ ਦੀ ਫ਼ਸਲ 75 ਦਿਨਾਂ ਵਿੱਚ ਤਿਆਰ ਹੁੰਦੀ ਹੈ।
ਮੁੱਖ ਮੰਤਰੀ ਨੂੰ ਹੰਕਾਰੀ ਰੱਵਈਆ ਛੱਡਣ ਦੀ ਲੋੜ: ਕਿਸਾਨ ਆਗੂ ਮਨਜੀਤ ਧਨੇਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਰਵਈਆ ਹੰਕਾਰ ਭਰਿਆ ਹੈ, ਜੋ ਚੰਗਾ ਨਹੀਂ ਹੈ। ਉਹਨਾਂ ਨੂੰ ਆਪਣਾ ਇਹ ਰਵੱਈਆ ਛੱਡ ਕੇ ਗੱਲਬਾਤ ਵਾਲੇ ਪਾਸੇ ਵੱਲ ਤੁਰਨਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਸਰਕਾਰ ਉਪਰ ਗੱਲਬਾਤ ਰਾਹੀ ਵਿਸ਼ਵਾਸ ਨਹੀਂ ਆ ਸਕਦਾ। ਇਸ ਲਈ ਸਰਕਾਰ ਨੂੰ ਨੋਟੀਫਿਕੇਸ਼ਨ ਜਾਰੀ ਕਰਨੇ ਚਾਹੀਦੇ ਹਨ, ਜਿਸ ਵਿੱਚ ਮੂੰਗੀ ਦੀ ਫ਼ਸਲ ਐਮਐਸਪੀ 'ਤੇ ਖਰੀਦੀ ਜਾਵੇਗੀ ਅਤੇ ਝੋਨੇ ਦੀ ਫ਼ਸਲ ਕਿੰਨੀ ਨਮੀ ਦੀ ਮਾਤਰਾ 'ਤੇ ਖ਼ਰੀਦਿਆ ਜਾਵੇਗੀ। ਇਸ ਲਈ ਇੱਕ ਜ਼ਰੂਰੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਣਾ ਚਾਹੀਦਾ ਹੈ।
ਕਿਸਾਨ ਜਥੇਬੰਦੀਆਂ ਨੂੰ ਮੁੜ ਇੱਕ ਹੋਣ ਦੀ ਲੋੜ: ਮਨਜੀਤ ਧਨੇਰ ਨੇ ਕਿਹਾ ਕਿ ਕਿਸਾਨ ਅੰਦੋਲਨ ਖ਼ਤਮ ਹੋਣ ਤੋਂ ਬਾਅਦ ਮੁੜ ਕਿਸਾਨ ਜਥੇਬੰਦੀਆਂ ਅਲੱਗ ਹੋ ਗਈਆਂ ਹਨ। ਇਸ ਲਈ ਉਹਨਾਂ ਨੇ ਚੰਡੀਗੜ੍ਹ ਪ੍ਰਦਰਸ਼ਨ ਕਰਨ ਵਾਲੀਆਂ ਜੱਥੇਬੰਦੀਆਂ ਨੂੰ ਮੀਟਿੰਗ ਵਿੱਚ ਝੋਲੀ ਅੱਡ ਕੇ ਏਕਤਾ ਕਰਨ ਦੀ ਅਪੀਲ ਕੀਤੀ ਸੀ। ਕਿਸਾਨ ਜੱਥੇਬੰਦੀਆਂ ਦਾ ਜੋ ਇਕੱਠ ਹੋਣਾ ਚਾਹੀਦਾ ਸੀ, ਉਸ ਲੈਵਲ ਦਾ ਇਕੱਠ ਚੰਡੀਗੜ੍ਹ ਨਹੀਂ ਹੋ ਸਕਿਆ। ਇਸ ਕਰਕੇ ਜੱਥੇਬੰਦੀਆਂ ਦੇ ਆਗੂਆਂ ਨੂੰ ਮੁੜ ਵਿਚਾਰ ਕਰਕੇ ਸੰਯੁਕਤ ਕਿਸਾਨ ਮੋਰਚੇ ਨੂੰ ਇਕਜੁੱਟ ਕਰਨ ਵੱਲ ਵਧਣਾ ਚਾਹੀਦਾ ਹੈ।
ਇਹ ਵੀ ਪੜ੍ਹੋ:ਕਿਸਾਨਾਂ ਤੇ ਸਰਕਾਰ ਵਿਚਾਲੇ ਬਣੀ ਸਹਿਮਤੀ, ਸਰਕਾਰ ਨੇ 13 ’ਚੋਂ 12 ਮੰਗਾਂ ਮੰਨੀਆਂ