ਬਰਨਾਲਾ: ਖੇਤੀ ਕਾਨੂੰਨਾਂ ਦੀ ਜੰਗ ਜਿੱਤਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਵੱਲੋਂ 15 ਦਸੰਬਰ ਨੂੰ ਪੰਜਾਬ ਦੇ ਮੋਰਚੇ ਖਤਮ ਕਰਨ ਦਾ ਐਲਾਨ ਕੀਤਾ ਸੀ। ਪਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਇਸ ਸਬੰਧੀ ਵੱਡਾ ਐਲਾਨ ਕਰ ਦਿੱਤਾ ਹੈ।
ਬੁੱਧਵਾਰ ਨੂੰ ਬਰਨਾਲਾ ਦੇ ਬਡਬਰ ਟੋਲ ਪਲਾਜ਼ਾ 'ਤੇ ਪਹੁੰਚੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਟੋਲ ਪਲਾਜਿਆਂ 'ਤੇ ਉਹਨਾਂ ਦੇ ਮੋਰਚੇ ਜਾਰੀ ਰਹਿਣਗੇ। ਕਿਉਂਕਿ ਟੋਲ ਕੰਪਨੀਆਂ ਵੱਲੋਂ ਟੋਲ ਫੀਸ ਵਧਾ ਕੇ ਲੋਕਾਂ ਦੀ ਲੁੱਟ ਸ਼ੁਰੂ ਕਰ ਦਿੱਤੀ ਗਈ ਹੈ।
ਜਿਸ ਕਰਕੇ ਉਹਨਾਂ ਦੀ ਜੱਥੇਬੰਦੀ ਪੰਜਾਬ ਦੇ 7 ਟੋਲ ਪਲਾਜਿਆਂ ਤੋਂ ਆਪਣਾ ਧਰਨਾ ਖਤਮ ਨਹੀਂ ਕਰੇਗੀ। ਜਿੰਨਾ ਸਮਾਂ ਟੋਲ ਕੰਪਨੀਆਂ ਟੋਲ ਪਰਚੀ ਦੀ ਵਧਾਈ ਫੀਸ ਵਾਪਸ ਨਹੀਂ ਲੈਂਦੀਆਂ, ਉਨ੍ਹਾਂ ਸਮਾਂ ਉਹਨਾਂ ਦੇ ਮੋਰਚੇ ਟੋਲ ਪਲਾਜ਼ਾ 'ਤੇ ਧਰਨੇ ਜਾਰੀ ਰਹਿਣਗੇ।
ਇਸ ਤੋਂ ਇਲਾਵਾਂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਾਨੂੰ ਦਿੱਲੀ ਤੋਂ ਆਉਂਣ ਦੇ ਬਾਅਦ ਹੀ ਪਤਾ ਲੱਗਿਆ ਹੈ ਕਿ ਪੰਜਾਬ ਦੇ ਟੋਲ ਪਲਾਜਿਆਂ ਦੀ ਫ਼ੀਸ ਵਿੱਚ ਵਾਧਾ ਕੀਤਾ ਗਿਆ ਹੈ। ਜਿਸ ਕਰਕੇ ਅਸੀ ਇਨ੍ਹਾਂ ਦਾ ਵਿਰੋਧ ਕਰਦੇ ਹਾਂ, ਜਦੋਂ ਤੱਕ ਟੋਲ ਪਲਾਜਿਆਂ ਦੇ ਮਾਲਕ ਇਸ ਫ਼ੀਸ ਵਿੱਚ ਰਾਹਤ ਨਹੀ ਕਰਦੇ ਇਹ ਸੰਘਰਸ਼ ਜਾਰੀ ਰਹਿਣਗੇ।
ਦੱਸ ਦਈਏ ਕਿ ਕਿਸਾਨ ਆਗੂ ਦੇ ਇਸ ਐਲਾਨ ਤੋਂ ਬਾਅਦ ਚੰਨੀ ਸਰਕਾਰ ਦੀਆਂ ਮੁਸ਼ਕਿਲਾਂ ਫਿਰ ਵੱਧਦੀਆਂ ਵਿਖਾਈ ਦੇ ਰਹੀਆਂ ਹਨ। ਉਨ੍ਹਾਂ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਪੁਰਾਣੀਆਂ ਕੀਮਤਾਂ ਉੱਪਰ ਹੀ ਟੋਲ ਪਲਾਜ਼ੇ ਚਲਾਏ ਜਾਣ ਤਾਂ ਆਮ ਲੋਕਾਂ ਨੂੰ ਇਸ ਮਹਿੰਗਾਈ ਤੋਂ ਰਾਹਤ ਮਿਲ ਸਕੇ।
ਇਹ ਵੀ ਪੜੋ:- ਗਾਜ਼ੀਪੁਰ ਬਾਰਡਰ 'ਤੇ ਜਸ਼ਨ ਦਾ ਮਾਹੌਲ, ਫ਼ਤਿਹ ਮਾਰਚ ਪਿੰਡਾਂ ਲਈ ਰਵਾਨਾ