ਬਰਨਾਲਾ : ਪੰਜਾਬ ਅੰਦਰ ਕਰਜ਼ੇ ਦੀ ਮਾਰ ਕਾਰਨ ਵੱਡੀ ਗਿਣਤੀ 'ਚ ਕਿਸਾਨਾਂ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ, ਪਰ ਪੰਜਾਬ ਸਰਕਾਰ ਵੱਲੋਂ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਕੋਈ ਮਦਦ ਨਹੀਂ ਦਿੱਤੀ ਜਾ ਰਹੀ। ਕਰਜ਼ੇ ਦੀ ਮਾਰ ਹੇਠ ਆਰਥਿਕ ਤੰਗੀ ਦੇ ਚਲਦੇ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ। ਇਸ ਦੌਰਾਨ ਆਮ ਆਮਦੀ ਪਾਰਟੀ ਦੇ ਵਿਧਾਇਕ ਪਿਰਮਲ ਸਿੰਘ ਧੌਲਾ ਇਨ੍ਹਾਂ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ। ਪਿਰਮਲ ਸਿੰਘ ਨੇ ਇੱਕ ਖ਼ੁਦਕੁਸ਼ੀ ਪੀੜਤ ਪਰਿਵਾਰ ਦੀ ਮਦਦ ਕਰ ਉਨ੍ਹਾਂ ਬੇਘਰ ਹੋਣ ਤੋਂ ਬਚਾਇਆ।
ਪਿੰਡ ਦੀ ਪੰਚਾਇਤ ਨੇ ਵਿਧਾਇਕ ਪਿਰਮਲ ਸਿੰਘ ਧੌਲਾ ਦੀ ਅਗਵਾਈ ਹੇਠ ਇਸ ਮਾਮਲੇ ਦਾ ਹੱਲ ਕੱਢਣ ਦੀ ਗੱਲ ਕਹੀ। ਇਸ ਸਬੰਧੀ ਜਦ ਕਰਜ਼ਾ ਦੇਣ ਵਾਲੇ ਜੁਗਰਾਜ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਰਜ਼ਦਾਰ ਪਰਿਵਾਰ ਨੂੰ ਕੁੱਝ ਰੁਪਏ ਛੱਡ ਦਿੱਤੇ। ਜੁਗਰਾਜ ਸਿੰਘ ਨੇ ਦਰਿਆਦਿਲੀ ਵਿਖਾਉਂਦੇ ਹੋਏ ਬਾਕੀ ਰਹਿੰਦੀ ਰਕਮ ਚੋਂ ਮਹਿਜ਼ 1 ਲੱਖ ਰੁਪਏ ਲੈ ਕੇ ਲੈਣ-ਦੇਣ ਖ਼ਤਮ ਕਰਨ ਉੱਤੇ ਸਹਿਮਤੀ ਦਿੱਤੀ।
ਵਿਧਾਇਕ ਨੇ ਪੀੜਤ ਪਰਿਵਾਰ ਦੀ ਹਾਜ਼ਰੀ 'ਚ ਆਪਣੇ ਕੁੱਝ ਸਾਥੀਆਂ ਨਾਲ ਮਿਲ ਕੇ ਪੀੜਤ ਪਰਿਵਾਰ ਨੂੰ 50 ਹਜ਼ਾਰ ਰੁਪਏ ਦੀ ਮਦਦ ਦਿੱਤੀ। ਇਸ ਮਗਰੋਂ ਪੀੜਤ ਪਰਿਵਾਰ ਤੇ ਪੰਚਾਇਤ ਦੀ ਮੌਜੂਦਗੀ 'ਚ ਜੁਗਰਾਜ ਸਿੰਘ ਨੂੰ 50 ਹਜ਼ਾਰ ਰੁਪਏ ਦੀ ਅਦਾਇਗੀ ਕੀਤੀ ਗਈ। ਵਿਧਾਇਕ ਵੱਲੋਂ ਬਾਕੀ ਦੇ 50 ਹਜ਼ਾਰ ਰੁਪਏ ਦੀ ਰਕਮ ਅਗਲੇ 2 ਮਹੀਨੀਆਂ ਤੱਕ ਦਿੱਤੇ ਜਾਣ ਦਾ ਭਰੋਸਾ ਦਿੱਤਾ ਗਿਆ।
ਪਿਰਮਲ ਸਿੰਘ ਧੌਲਾ ਨੇ ਕਿਹਾ ਕਿ ਸਾਨੂੰ ਕਰਜ਼ੇ ਹੇਠ ਦੱਬੇ ਕਿਸਾਨ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਕਿਉਂਕਿ ਪੰਜਾਬ ਅੰਦਰ ਬੇਰੁਜ਼ਗਾਰੀ ਅਤੇ ਕਰਜ਼ੇ ਦੀ ਮਾਰ ਹੇਠ ਖੁਦਕੁਸ਼ੀਆਂ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਉਨ੍ਹਾਂ ਸਮਾਜ ਸੇਵੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਸੇਵੀਆਂ ਦੀ ਬਦੌਲਤ ਹੀ ਅੱਜ ਕਈ ਪਰਿਵਾਰ ਘਰੋਂ ਬੇਘਰ ਹੋਣ ਤੋਂ ਬੱਚ ਸਕੇ ਹਨ। ਪੀੜਤ ਪਰਿਵਾਰ ਨੇ ਵਿਧਾਇਕ ਵੱਲੋਂ ਮਦਦ ਕੀਤੇ ਜਾਣ ਉੱਤੇ ਧੰਨਵਾਦ ਆਖਿਆ। ਉਨ੍ਹਾਂ ਕਿਹਾ ਕਿ ਉਹ ਆਪਣਾ ਪੁੱਤਰ ਤਾਂ ਪਹਿਲਾਂ ਹੀ ਗੁੁਆ ਚੁੱਕੇ ਹਨ, ਜੇਕਰ ਅੱਜ ਉਨ੍ਹਾਂ ਨੂੰ ਆਰਥਿਕ ਮਦਦ ਨਾਂ ਮਿਲਦੀ ਤਾਂ ਉਹ ਬੇਘਰ ਹੋ ਜਾਂਦੇ। ਪੀੜਤ ਪਰਿਵਾਰ ਨੇ ਕਾਂਗਰਸ ਸਰਕਾਰ ਖਿਲਾਫ ਬੋਲਦੀਆਂ ਕਿਹਾ ਕਿ ਮੁੱਖ ਮੰਤਰੀ ਵੱਲੋੋਂ ਕਰਜ਼ੇ ਮੁਆਫੀ ਦੇ ਵਾਅਦੇ ਕੀਤੇ ਗਏ ਸਨ, ਪਰ ਕਰਜ਼ਾ ਮੁਆਫ ਨਹੀਂ ਕੀਤਾ ਗਿਆ। ਜਿਸ ਦੇ ਚਲਦੇ ਅੱਜ ਕਈ ਕਿਸਾਨ ਪਰਿਵਾਰ ਆਰਥਿਕ ਤੰਗੀ ਨਾਲ ਜੁਝ ਰਹੇ ਹਨ।