ਬਰਨਾਲਾ : ਜ਼ਿਲ੍ਹੇ ਵਿੱਚ ਸਾਬਕਾ ਫ਼ੌਜੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਦਿਆਂ ਪ੍ਰਧਾਨ ਮੰਤਰੀ ਦੇ ਨਾਮ ਡੀਸੀ ਬਰਨਾਲਾ ਨੂੰ ਮੰਗ ਪੱਤਰ ਸੌਂਪਿਆ ਹੈ । ਇਸ ਮੌਕੇ ਗੱਲ ਬਾਤ ਕਰਦਿਆਂ ਫੌਜੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਇੱਕ ਰੈਂਕ ਇੱਕ ਪੈਨਸ਼ਨ ਵਿੱਚ ਤਬਦੀਲੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਫ਼ੌਜੀਆਂ ਅਨੁਸਾਰ ਇਸ ਵਿੱਚ ਸਾਬਕਾ ਫ਼ੌਜੀਆਂ ਨਾਲ ਕਾਫ਼ੀ ਭੇਦਭਾਵ ਕੀਤਾ ਜਾ ਰਿਹਾ ਹੈ, ਜਿਸਨੂੰ ਬਦਲਣ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਮੰਗ ਨੂੰ ਲੈ ਕੇ ਸਾਬਕਾ ਫ਼ੌਜੀ ਦਿੱਲੀ ਦੇ ਜੰਤਰ ਮੰਤਰ ਵਿਖੇ ਸੰਘਰਸ਼ ਵੀ ਕਰ ਰਹੇ ਹਨ ਅਤੇ ਮੰਗਾਂ ਪੂਰੀਆਂ ਨਾ ਹੋਣ ਤੇ ਸਰਕਾਰ ਨੂੰ ਸੰਘਰਸ਼ ਦੀ ਚੇਤਾਵਨੀ ਵੀ ਦਿੱਤੀ ਗਈ।
ਵਨ ਰੈਂਕ ਵਨ ਪੈਨਸ਼ਨ ਨੀਤੀ ਤਹਿਤ ਪੈਨਸ਼ਨ ਭੁਗਤਾਨ : ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਫ਼ੌਜੀਆਂ ਨੇ ਕਿਹਾ ਕਿ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਡੀਸੀ ਪ੍ਰਧਾਨ ਦੇ ਰਾਹੀਂ ਇੱਕ ਮੰਗ ਪੱਤਰ ਭੇਜਿਆ ਜਾ ਰਿਹਾ ਹੈ। ਇਹ ਪੱਤਰ ਇੱਕ ਰੈਂਕ ਇੱਕ ਪੈਨਸ਼ਨ ਸਬੰਧੀ ਹੈ। ਕਿਉਂਕਿ ਇਸ ਵਿੱਚ ਕਈ ਖਾਮੀਆਂ ਹਨ, ਜਿਸਨੂੰ ਦੂਰ ਕਰਨ ਲਈ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ। ਸਾਬਕਾ ਫੌਜੀਆਂ ਦੀ ਮੰਗ ਹੈ ਕਿ ਵਨ ਰੈਂਕ ਵਨ ਪੈਨਸ਼ਨ ਨੀਤੀ ਤਹਿਤ ਪੈਨਸ਼ਨ ਭੁਗਤਾਨ ਕੀਤਾ ਜਾਵੇ,ਉਹਨਾਂ ਕਿਹਾ ਕਿ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਦੇ ਨਾਂਮ ਤੇ ਮੰਗ ਪੱਤਰ ਦਿੱਤਾ ਗਿਆ।ਡਿਫ਼ੈਂਸ ਮੰਤਰੀ ਤੋਂ ਸਾਬਕਾ ਫ਼ੌਜੀਆਂ ਦੀਆਂ ਮੰਗਾਂ ਨੂੰ ਲੈ ਕੇ ਮਿਲਣ ਦਾ ਸਮਾਂ ਵੀ ਮੰਗਿਆ ਗਿਆ ਹੈ।
ਤਰੁਟੀਆਂ ਨੂੰ ਦੂਰ ਕਰਨ ਦੀ ਜ਼ਰੂਰਤ: ਸਾਬਕਾ ਸੈਨਿਕਾਂ ਵੱਲੋਂ ਇਕ ਰੈਂਕ-ਇਕ ਪੈਨਸ਼ਨ ਦੇ ਸਬੰਧ ਵਿੱਚ ਅਫਸਰਾਂ ਅਤੇ ਜਵਾਨਾਂ ਵਿੱਚ ਫਰਕ ਨੂੰ ਦੂਰ ਕਰਨ ਲਈ ਦਿੱਲੀ ਦੇ ਜੰਤਰ ਮੰਤਰ ਵਿਖੇ 20 ਫਰਵਰੀ 2023 ਤੋਂ ਅਣਮਿੱਥੇ ਸਮੇਂ ਲਈ ਧਰਨਾ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਭਾਰਤ ਸਰਕਾਰ ਦੇਸ਼ ਦੇ ਜਵਾਨਾਂ ਨਾਲ ਧੋਖਾ ਕਰ ਰਹੀ ਹੈ ਸਰਕਾਰ ਅਫਸਰਾਂ ਅਤੇ ਜਵਾਨਾਂ ਵਿਚੋਂ ਭੇਦਭਾਵ ਕਰ ਰਹੀ ਹੈ ਜੋ ਕਿ ਨਹੀ ਹੋਣਾ ਚਾਹੀਦਾ। ਇੱਕ ਰੈਂਕ ਇਕ ਪੈਨਸ਼ਨ ਦਾ ਬਕਾਇਦਾ ਭੁਗਤਾਨ ਸਹੀ ਸਮੇਂ 'ਤੇ ਨਹੀਂ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ ਸ਼ਾਮਲ ਤਰੁਟੀਆਂ ਨੂੰ ਦੂਰ ਕਰਨ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਜੰਤਰ-ਮੰਤਰ ਵਿਖੇ ਚੱਲ ਰਹੇ ਧਰਨੇ ਉੱਪਰ ਬੈਠੇ ਸਾਬਕਾ ਸੈਨਿਕਾਂ ਦੀਆਂ ਮੰਗਾਂ ਨੂੰ ਸੁਣਨਾ ਚਾਹੀਦਾ ਹੈ।
ਸਾਬਕਾ ਸੈਨਿਕ ਯੂਨੀਅਨ: ਉਨ੍ਹਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨਾ ਚਾਹੀਦਾ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸੰਘਰਸ਼ ਨੂੰ ਪੂਰੇ ਦੇਸ਼ ਵਿਚ ਤੇਜ਼ ਕੀਤਾ ਜਾਵੇਗਾ। ਇਸ ਸਮੇਂ 1962, 1965 ਅਤੇ 1971 ਤਿੰਨ ਲੜਾਈਆਂ ਲੜਨ ਵਾਲੇ ਸਾਬਕਾ ਸੈਨਿਕ ਯੂਨੀਅਨ ਦੇ ਸਰਪ੍ਰਸਤ 83 ਸਾਲਾ ਕੈਪਟਨ ਦਰਬਾਰਾ ਸਿੰਘ ਪੱਖੋਕੇ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਇਸ ਉਮਰ ਦੇ ਸਾਬਕਾ ਸੈਨਿਕਾਂ ਨੂੰ ਸੜਕਾਂ ਤੇ ਰੁਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਜੋ ਕਿ ਸਮੇਂ ਦੀਆਂ ਸਰਕਾਰਾਂ ਲਈ ਬੜੀ ਸ਼ਰਮ ਦੀ ਗੱਲ ਹੈ।