ਬਰਨਾਲਾ: ਲੋਕ ਸਭਾ ਹਲਕਾ ਸੰਗਰੂਰ ਵਿੱਚ ਵੋਟਾਂ ਨੂੰ ਲੈ ਕੇ ਅੱਜ ਲੋਕਾਂ ਵਿਚ ਕੋਈ ਖਾਸ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ ਅਤੇ ਤਕਰੀਬਨ ਸਵੇਰ ਤੋਂ ਹੀ ਇੱਕਾ ਦੁੱਕਾ ਲੋਕਾਂ ਵੱਲੋਂ ਵੋਟਾਂ ਪਾਉਣ ਦਾ ਰੁਝਾਨ ਜਾਰੀ ਰਿਹਾ ਅਤੇ ਖ਼ਾਸ ਕਰਕੇ ਪੋਲਿੰਗ ਬੂਥਾਂ ਤੇ ਪੋਲਿੰਗ ਏਜੰਟ ਵੋਟਰਾਂ ਨੂੰ ਉਡੀਕਦੇ ਨਜ਼ਰ ਆਏ ਅਤੇ ਸੜਕਾਂ ਤੇ ਸੰਨਾਟਾ ਛਾਇਆ ਰਿਹਾ ਪਰ ਫਿਰ ਵੀ ਵੱਖੋ ਵੱਖਰੀਆਂ ਪਾਰਟੀਆਂ ਦੇ ਵਰਕਰਾਂ ਵੱਲੋਂ ਆਪੋ ਆਪਣੇ ਉਮੀਦਵਾਰ ਦੇ ਜਿੱਤਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਵੱਖ ਵੱਖ ਪਾਰਟੀਆਂ ਦੇ ਵਰਕਰਾਂ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਹੈ। ਪਾਰਟੀ ਦੇ ਵਰਕਰਾਂ ਨੇ ਆਪਣੀ-ਆਪਣੀ ਪਾਰਟੀ ਦੇ ਹੱਕ ਵਿਚ ਬੋਲਦਿਆਂ ਆਪੋ ਆਪਣੇ ਉਮੀਦਵਾਰ ਨੂੰ ਵੱਡੀ ਲੀਡ ਨਾਲ ਜਿਤਾ ਕੇ ਪਾਰਲੀਮੈਂਟ ਭੇਜਣ ਦੀ ਗੱਲ ਆਖੀ ਜਾ ਰਹੀ ਹੈ।
ਜਦੋਂ ਇਸ ਸਬੰਧੀ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੋਕ ਸਰਕਾਰ ਦੀ ਤਿੰਨ ਮਹੀਨਿਆਂ ਦੀ ਕਾਰਗੁਜ਼ਾਰੀ ਤੋਂ ਖ਼ੁਸ਼ ਹੋ ਕੇ ਇਸ ਵਾਰ ਵੋਟਾਂ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਤਿੰਨ ਮਹੀਨੇ ਹੀ ਹੋਏ ਹਨ ਅਤੇ ਪਿਛਲੀਆਂ ਸਰਕਾਰਾਂ ਨਾਲੋਂ ਲੋਕ ਜ਼ਿਆਦਾ ਸੰਤੁਸ਼ਟ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਖ਼ੁਦ ਮੰਨ ਰਹੇ ਹਨ ਕਿ ਪਿਛਲੀਆਂ ਸਰਕਾਰਾਂ ਨਾਲੋਂ ਸਰਕਾਰ ਕੁਝ ਹੱਦ ਤਕ ਭ੍ਰਿਸ਼ਟਾਚਾਰ ਵਰਗੇ ਗੰਭੀਰ ਮੁੱਦਿਆਂ ਤੇ ਗੰਭੀਰਤਾ ਨਾਲ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਬੇਸ਼ੱਕ ਵਿਰੋਧੀ ਪਾਰਟੀਆਂ ਤਿੰਨ ਮਹੀਨਿਆਂ ਦੀ ਕਾਰਗੁਜ਼ਾਰੀ ਨੂੰ ਘਟੀਆ ਕਾਰਗੁਜ਼ਾਰੀ ਦੱਸ ਰਹੀਆਂ ਹਨ ਪਰ ਲੋਕ ਖ਼ੁਦ ਘੱਟੋ ਘੱਟ ਇਕ ਸਾਲ ਦਾ ਸਮਾਂ ਹਰ ਖੇਤਰ ਵਿੱਚ ਬਦਲਾਅ ਲਿਆਉਣ ਲਈ ਸੋਚ ਰਹੇ ਹਨ ਜਿਸ ਕਾਰਨ ਇਨ੍ਹਾਂ ਵਿਰੋਧੀ ਪਾਰਟੀਆਂ ਦੀ ਫਾਲ ਨਹੀਂ ਪੁੱਗਦੀ ਦਿਖਾਈ ਦੇ ਰਹੀ ਜਿਸ ਕਾਰਨ ਉਹ ਮਾਨ ਸਰਕਾਰ ਤੇ ਹਮਲੇ ਬੋਲ ਰਹੇ ਹਨ ਪਰ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਵਿਰੋਧੀਆਂ ਦੇ ਮੂੰਹ ਬੰਦ ਕਰ ਦੇਵੇਗੀ ਅਤੇ ਵੱਡੇ ਬਹੁਮੱਤ ਨਾਲ ਗੁਰਮੇਲ ਸਿੰਘ ਘਰਾਚੋਂ ਜਿੱਤ ਕੇ ਸੰਸਦ ਪਹੁੰਚਣਗੇ।
ਕਾਂਗਰਸੀ ਵਰਕਰਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਤਿੰਨ ਮਹੀਨਿਆਂ ਦੇ ਕਾਰਜਕਾਲ ਤੋਂ ਲੋਕ ਖ਼ੁਸ਼ ਨਜ਼ਰ ਨਹੀਂ ਆ ਰਹੇ ਹਨ ਅਤੇ ਲਾਅ ਐਂਡ ਆਰਡਰ ਦਾ ਜਨਾਜ਼ਾ ਨਿਕਲ ਚੁੱਕਿਆ ਹੈ ਜਿਸ ਨੂੰ ਲੈ ਕੇ ਅੱਜ ਲੋਕਾਂ ਵਿਚ ਸਰਕਾਰ ਪੱਖੀ ਹੁੰਗਾਰਾ ਨਹੀਂ ਮਿਲ ਰਿਹਾ ਅਤੇ ਦਲਵੀਰ ਗੋਲਡੀ ਦੇ ਹੱਕ ਵਿੱਚ ਉਸ ਦੀ ਨਿਮਰਤਾ ਨੂੰ ਦੇਖਦਿਆਂ ਲੋਕ ਫਤਵਾ ਦੇਣਗੇ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬੂਥ ਤੇ ਬੈਠੇ ਵਰਕਰਾਂ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਸਾਨੂੰ 70 ਸਾਲ ਕੁੱਟਿਆ ਅਤੇ ਲੁੱਟਿਆ ਹੈ ਅਤੇ ਜਿਸ ਬਦਲਾਅ ਨੂੰ ਲੈ ਕੇ ਲੋਕਾਂ ਨੇ ਇਸ ਵਾਰ ਆਮ ਆਦਮੀ ਪਾਰਟੀ ਨੂੰ ਵੱਡਾ ਫਤਵਾ ਦਿੱਤਾ ਸੀ ਉਸ ਤੇ ਵੀ ਇਹ ਦਿੱਲੀ ਦੀ ਪਾਰਟੀ ਖਰਾ ਨਹੀਂ ਉਤਰ ਪਾਈ ਅਤੇ ਲੋਕਾਂ ਨੂੰ ਹੁਣ ਪਤਾ ਲੱਗ ਚੁੱਕਿਆ ਹੈ ਕਿ ਅਕਾਲੀ ਕਾਂਗਰਸੀ ਸਮੇਤ ਦੂਜੀਆਂ ਪਾਰਟੀਆਂ ਅਤੇ ਆਮ ਆਦਮੀ ਪਾਰਟੀ ਸਿਰਫ਼ ਲੋਕਾਂ ਨੂੰ ਲੁੱਟਣਾ ਹੀ ਜਾਣਦੀਆਂ ਹਨ ਅਤੇ ਗੁੰਮਰਾਹ ਕਰਦੀਆਂ ਆਈਆਂ ਹਨ ਅਤੇ ਪੰਜਾਬ ਦਾ ਜਰਨੈਲ ਪੰਥ ਨੂੰ ਬਚਾਉਣ ਲਈ ਇੱਕੋ ਇੱਕ ਸਰਦਾਰ ਸਿਮਰਨਜੀਤ ਮਾਨ ਹੈ ਜਿਸ ਨੂੰ ਲੈ ਕੇ ਹੁਣ ਪੰਜਾਬ ਦਾ ਬੱਚਾ ਬੱਚਾ ਜਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ।
ਇਹ ਵੀ ਪੜ੍ਹੋ: ਮਾਨ ਸਰਕਾਰ ’ਤੇ ਭੜਕੇ ਰਾਜਾ ਵੜਿੰਗ, 'ਪੰਜਾਬ ’ਚ ਬਣਿਆ ਜੰਗਲਰਾਜ'