ਬਰਨਾਲਾ: ਕਾਂਗਰਸ ਪਾਰਟੀ ਵੱਲੋਂ ਆਪਣੇ ਬਾਕੀ ਰਹਿੰਦੇ ਅੱਠ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸੂਚੀ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਰਨਾਲਾ ਦੇ ਹਲਕਾ ਭਦੌੜ ਤੋਂ ਉਮੀਦਵਾਰ ਬਣਾਇਆ ਗਿਆ ਹੈ ਜਿਸ ਨਾਲ ਭਦੌੜ ਸੀਟ ਵੀ ਪੰਜਾਬ ਦੀਆਂ ਹੌਟ ਸੀਟਾਂ ਵਿੱਚ ਆ ਗਈ ਹੈ।
ਦੱਸ ਦਈਏ ਕਿ ਬਰਨਾਲਾ ਜ਼ਿਲ੍ਹਾ ਆਮ ਆਦਮੀ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਹੈ ਜਿਸਨੂੰ ਤੋੜਨ ਦੇ ਮਕਸਦ ਨਾਲ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਚਰਨਜੀਤ ਚੰਨੀ ’ਤੇ ਇਹ ਦਾਅ ਖੇਡਿਆ ਹੈ। ਮੁੱਖ ਮੰਤਰੀ ਚੰਨੀ ਦੇ ਇਸ ਸੀਟ ਤੋਂ ਚੋਣ ਲੜਨ ਦਾ ਫਾਇਦਾ ਕਾਂਗਰਸ ਪਾਰਟੀ ਆਲੇ ਮਾਲਵੇ ਦੀਆਂ ਹੋਰ ਸੀਟਾਂ ’ਤੇ ਲੈਣਾ ਚਾਹੁੰਦੀ ਹੈ।
2017 ਅਤੇ 2019 ਵਿੱਚ ਆਪ ਜਿੱਤੀ ਸੀ ਬਰਨਾਲਾ ਜ਼ਿਲ੍ਹਾ
ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਸਮੁੱਚਾ ਬਰਨਾਲਾ ਜ਼ਿਲ੍ਹਾ ਜਿੱਤਿਆ ਗਿਆ ਸੀ ਭਾਵ ਜ਼ਿਲ੍ਹੇ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਬਰਨਾਲਾ, ਭਦੌੜ ਅਤੇ ਮਹਿਲ ਕਲਾਂ ਵਿੱਚ ਆਪ ਦੇ ਵਿਧਾਇਕ ਬਣੇ ਸਨ। ਉਥੇ ਹੀ 2019 ਲੋਕ ਸਭਾ ਚੋਣਾਂ ਵਿੱਚ ਵੀ ਭਗਵੰਤ ਮਾਨ ਨੂੰ ਤਿੰਨੇ ਵਿਧਾਨ ਸਭਾ ਸੀਟਾਂ ’ਤੇ ਲੀੜ ਮਿਲੀ ਸੀ। ਮੁੱਖ ਮੰਤਰੀ ਚਰਨਜੀਤ ਚੰਨੀ ਦੇ ਚੋਣ ਲੜਨ ਨਾਲ ਭਦੌੜ ਹਲਕੇ ਸਮੇਤ ਹੋਰ ਆਸ-ਪਾਸ ਦੇ ਹਲਕਿਆਂ ਦੇ ਸਮੀਕਰਨ ਬਦਲਦੇ ਦਿਖਾਈ ਦੇ ਰਹੇ ਹਨ।
ਚੰਨੀ ਦਾ ਹੋਵੇਗਾ ਆਪ ਅਤੇ ਅਕਾਲੀ ਦਲ ਦੇ ਇੰਨ੍ਹਾਂ ਉਮੀਦਵਾਰਾਂ ਨਾਲ ਮੁਕਾਬਲਾ
ਮੁੱਖ ਮੰਤਰੀ ਚਰਨਜੀਤ ਚੰਨੀ ਦਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਲਾਭ ਸਿੰਘ ਉਗੋਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਐਡਵੋਕੇਟ ਸਤਨਾਮ ਸਿੰਘ ਰਾਹੀ ਨਾਲ ਮੁਕਾਬਲਾ ਹੋਣ ਜਾ ਰਿਹਾ ਹੈ। ਦੱਸ ਦਈਏ ਲਾਭ ਸਿੰਘ ਇੱਕ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਹੈ ਜਿਸਨੇ ਆਪਣੇ ਐਫ਼ੀਡੇਵਿਟ ਵਿੱਚ ਲਿਖਿਆ ਸੀ ਕਿ ਉਸ ਕੋਲ ਨਾ ਘਰ ਹੈ, ਨਾ ਕੋਈ ਕਾਰ ਹੈ ਅਤੇ ਨਾ ਹੀ ਕੋਈ ਜ਼ਮੀਨ ਹੈ। ਸਿਰਫ਼ ਕੁੱਝ ਕੁ ਲੱਖ ਦੀ ਨਗਦੀ ਹੀ ਉਸਦੀ ਪ੍ਰਾਪਰਟੀ ਹੈ। ਜਦਕਿ ਅਕਾਲੀ ਦਲ ਦੇ ਉਮੀਦਵਾਰ ਸਤਨਾਮ ਸਿੰਘ ਰਾਹੀ ਇੱਕ ਟਕਸਾਲੀ ਅਕਾਲੀ ਆਗੂ ਹਰਪਾਲਇੰਦਰ ਸਿੰਘ ਰਾਹੀ ਦੇ ਪੁੱਤਰ ਹਨ ਜੋ ਪੇਸ਼ੇ ਤੋਂ ਵਕੀਲ ਹਨ।
ਹੌਟ ਸੀਟ ਬਣੀ ਭਦੌੜ ਹਲਕਾ ’ਤੇ ਹਰ ਇੱਕ ਦੀਆਂ ਨਜ਼ਰਾਂ ਟਿੱਕ ਗਈਆਂ ਹਨ ਅਤੇ ਇਸ ਸੀਟ ਨੂੰ ਲੈਕੇ ਸਿਆਸੀ ਪੰਡਤਾਂ ਨੇ ਗਿਣਤੀ ਮਿਣਤੀਆਂ ਲਗਉਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਇਹ ਵੀ ਪੜ੍ਹੋ: ਪੰਜਾਬ ਲੋਕ ਕਾਂਗਰਸ ਵੱਲੋਂ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ