ਬਰਨਾਲਾ: ਪੰਜਾਬ ਵਿੱਚ ਮੀਂਹਾਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ। ਇਸੇ ਦੇ ਨਾਲ ਹੀ ਬਰਸਾਤੀ ਨਾਲੇ ਵੀ ਨੱਕੋ-ਨੱਕ ਭਰ ਕੇ ਚੱਲਣ ਲੱਗੇ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਨ੍ਹਾਂ ਬਰਸਾਤੀ ਨਾਲਿਆਂ ਦੀ ਸਫ਼ਾਈ ਦਾ ਮੁੱਦਾ ਉੱਠ ਖੜ੍ਹਾ ਹੋਇਆ ਹੈ। ਬਰਨਾਲਾ ਸ਼ਹਿਰ ਦੇ ਨੇੜੇਓ ਲੰਘ ਦੀ ਲਸਾੜਾ ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਨਾਲਾ ਓਵਫਲੋ ਹੋ ਕੇ ਚੱਲ ਰਿਹਾ ਹੈ। ਇਸ ਕਾਰਨ ਨਾਲੇ 'ਤੇ ਬਣਿਆ ਪੁਲ ਤੋੜ ਕੇ ਪਾਣੀ ਨੂੰ ਲੰਘਾਇਆ ਜਾ ਰਿਹਾ ਹੈ। ਨਾਲੇ ਦਾ ਪਾਣੀ ਕਿਸਾਨਾਂ ਦੀਆ ਜ਼ਮੀਨਾਂ ਵਿੱਚ ਦਾਖ਼ਲ ਹੋ ਕੇ ਫਸਲ ਨੂੰ ਬਰਬਾਦ ਕਰ ਰਿਹਾ ਹੈ।
ਇਸ ਸਬੰਧੀ "ਈਟੀਵੀ ਭਾਰਤ" ਦੀ ਟੀਮ ਨੇ ਮੌਕੇ 'ਤੇ ਜਾ ਕਿ ਹਲਾਤ ਦਾ ਜਾਇਜ਼ਾ ਲਿਆ ਤਾਂ ਵੇਖਿਆ ਗਿਆ ਕਿ ਨਾਲੇ ਵਿੱਚ ਕਈ ਤਰ੍ਹਾਂ ਦੀ ਬੂਟੀ ਭਰੀ ਹੋਈ ਹੈ ਜੋ ਕਿ ਨਾਲੇ ਦੀ ਸਫ਼ਾਈ ਨਾ ਹੋਣ ਦੀ ਗਵਾਹੀ ਆਪਣੇ ਮੁੰਹੋਂ ਭਰ ਰਹੀ ਹੈ ।
ਇਸ ਸਮੱਸਿਆ ਬਾਰੇ ਗੱਲਬਾਤ ਕਰਦੇ ਹੋਏ ਸਥਾਨਕ ਲੋਕਾਂ ਨੇ ਦੱਸਿਆ ਕਿ ਹਰ ਸਾਲ ਇਸ ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਬਰਬਾਦ ਹੁੰਦੀਆਂ ਹਨ। ਪਿਛਲੇ ਕਰੀਬ 20-25 ਸਾਲਾਂ ਤੋਂ ਇਹ ਸਮੱਸਿਆ ਆ ਰਹੀ ਹੈ। ਇਸ ਵਾਰ ਵੀ ਪ੍ਰਸ਼ਾਸਨ ਨੂੰ ਵਾਰ-ਵਾਰ ਡਰੇਨ ਦੀ ਸਫ਼ਾਈ ਕਰਨ ਲਈ ਦੱਸਿਆ ਗਿਆ ਪਰ ਪ੍ਰਸ਼ਾਸਨ ਵੱਲੋਂ ਖਾਨਾਪੂਰਤੀ ਤੌਰ ਤੇ ਸਫ਼ਾਈ ਕਰਵਾਈ ਗਈ ਹੈ।
ਮੀਂਹ ਪੈਣ ਕਾਰਨ ਡਰੇਨ ਵਿਚਲੀ ਬੂਟੀ ਨੇ ਪਾਣੀ ਦਾ ਵਹਾਅ ਰੋਕ ਦਿੱਤਾ, ਜਿਸ ਕਰਕੇ ਡਰੇਨ ਦਾ ਪਾਣੀ ਓਵਰ ਫਲੋ ਹੋ ਕੇ ਕਿਸਾਨਾਂ ਦੇ ਖੇਤਾਂ ਵਿੱਚ ਪੈਣ ਲੱਗ ਗਿਆ। ਇਸ ਨੂੰ ਧਿਆਨ ਵਿੱਚ ਰਖਦੇ ਪ੍ਰਸ਼ਾਸਨ ਨੇ ਲੋਕਾਂ ਦੇ ਲਾਂਘੇ ਲਈ ਪਾਈਪਾਂ ਰੱਖ ਕੇ ਬਣਾਏ ਗਏ ਆਰਜ਼ੀ ਲਾਂਘੇ ਨੂੰ ਵੀ ਤੋੜ ਦਿੱਤਾ। ਹੁਣ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਜਾਣ ਲਈ ਚਾਰ ਤੋਂ ਪੰਜ ਕਿਲੋਮੀਟਰ ਦਾ ਵਾਧੂ ਪੈਂਡਾ ਤੈਅ ਕਰਨਾ ਪੈ ਰਿਹਾ ਹੈ।
ਬਰਨਾਲਾ ਸ਼ਹਿਰ ਵਿੱਚ ਜਾਣ ਲਈ ਵੀ ਉਨ੍ਹਾਂ ਨੂੰ ਉੱਪਰ ਦੀ ਗੇੜ ਖਾਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਸਮਾਂ ਰਹਿੰਦੇ ਇਸ ਸਮੱਸਿਆ ਦਾ ਹੱਲ ਕਰੇ ਤਾਂ ਉਨ੍ਹਾਂ ਨੂੰ ਇਹ ਸਮੱਸਿਆ ਨਾ ਆਵੇ। ਪਰ ਪ੍ਰਸ਼ਾਸਨ ਆਪਣੀ ਕੁੰਭਕਰਨੀ ਨੀਂਦ ਤੋਂ ਉੱਠਣ ਲਈ ਤਿਆਰ ਹੀ ਨਹੀਂ ਹੈ।