ਬਰਨਾਲਾ: ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਅਗਵਾਈ ਵਿੱਚ ਸਿਹਤ ਵਿਭਾਗ ਵੱਲੋਂ ਕੋਰੋਨਾ ਵੈਕਸੀਨੇਸ਼ਨ ਸਬੰਧੀ ਤਿਆਰੀਆਂ ਜਾਰੀ ਹਨ। ਇਸੇ ਤਹਿਤ ਸ਼ਨੀਵਾਰ ਸਿਵਲ ਹਸਪਤਾਲ ਬਰਨਾਲਾ, ਤਪਾ ਅਤੇ ਮਹਿਲ ਕਲਾਂ ਵਿੱਚ ਕੋਰੋਨਾ ਵੈਕਸੀਨ ਦਾ ਡ੍ਰਾਈ ਰਨ (ਰਿਹਰਸਲ) ਕਰਵਾਇਆ ਗਿਆ।
ਬਰਨਾਲਾ ਸਿਵਲ ਹਸਪਤਾਲ ਵਿੱਚ ਡ੍ਰਾਈ ਰਨ ਦਾ ਜਾਇਜ਼ਾ ਉਪ ਮੰਡਲ ਮੈਜਿਸਟ੍ਰੇਟ ਵਰਜੀਤ ਵਾਲੀਆ ਨੇ ਲਿਆ। ਇਸ ਮੌਕੇ ਸਿਵਲ ਸਰਜਨ ਡਾ.ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਿਵਲ ਹਸਪਤਾਲ ਬਰਨਾਲਾ ਤੋਂ ਇਲਾਵਾ ਤਪਾ ਅਤੇ ਮਹਿਲ ਕਲਾਂ ਹਸਪਤਾਲ ਵਿਖੇ ਡ੍ਰਾਈ ਰਨ ਕਰਵਾਇਆ ਗਿਆ ਹੈ, ਜਿਸ ਸਬੰਧੀ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ। ਮਹਿਲ ਕਲਾਂ ਵਿੱਚ ਟੀਮ ਦੀ ਅਗਵਾਈ ਐਸਐਮਓ ਇੰਚਾਰਜ ਡਾ. ਸ਼ਿਪਲਮ ਨੇ ਕੀਤੀ। ਤਪਾ ਵਿੱਚ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਲਖਵੀਰ ਕੌਰ ਅਤੇ ਐਸਐਮਓ ਤਪਾ ਡਾ. ਜਸਬੀਰ ਔਲਖ ਨੇ ਕੀਤੀ।
ਇਸ ਮੌਕੇ ਐਸਡੀਐਮ ਬਰਨਾਲਾ ਵਲਜੀਤ ਵਾਲੀਆ ਨੇ ਸਿਵਲ ਹਸਪਤਾਲ ਬਰਨਾਲਾ ਦੀਆਂ ਸਬੰਧਤ ਟੀਮਾਂ, ਵੇਟਿੰਗ ਰੂਮ, ਅਬਜ਼ਰਵੇਸ਼ਨ ਰੂਮ, ਵੈਕਸੀਨੇਸ਼ਨ ਕਿੱਟਾਂ ਤੋਂ ਇਲਾਵਾ ਆਨਲਾਈਨ ਪੋਰਟਲ ’ਤੇ ਐਂਟਰੀਆਂ ਦੀ ਕਾਰਗੁਜ਼ਾਰੀ ਦਾ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਪ੍ਰਕਿਰਿਆ ਲਈ ਸਾਰੇ ਸਟੈਂਡਰਡ ਆਫ ਪ੍ਰੋਸੀਜ਼ਰ ਦਾ ਖਾਸ ਧਿਆਨ ਰੱਖਿਆ ਜਾਵੇ।
ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਜਿੰਦਰ ਸਿੰਗਲਾ ਨੇ ਦੱਸਿਆ ਕਿ ਵੈਕਸੀਨ ਲਈ ਜ਼ਿਲ੍ਹੇ ਵਿੱਚ 8 ਸਟੋਰੇਜ ਪੁਆਇੰਟ ਬਣਾਏ ਗਏ ਹਨ, ਜਿਨ੍ਹਾਂ ਵਿਚ ਵੈਕਸੀਨ ਸਟੋਰ ਕੀਤੀ ਜਾਣੀ ਹੈ।