ਬਰਨਾਲਾ: ਕੋਰੋਨਾ ਵਾਇਰਸ ਦੇ ਜਿੱਥੇ ਪੂਰੇ ਦੇਸ਼ ਵਿੱਚ ਮਾਮਲੇ ਵਧਦੇ ਜਾ ਰਹੇ ਹਨ, ਉੱਥੇ ਬਰਨਾਲਾ ਵਿਖੇ ਨਵੇਂ ਪੌਜ਼ੀਟਿਵ ਆਏ ਕੇਸ ਨੇ ਪੂਰੇ ਜ਼ਿਲ੍ਹੇ ਦੀ ਪੁਲਿਸ ਵਿੱਚ ਹੜਕੰਪ ਮਚਾ ਦਿੱਤਾ।
ਪੁਲਿਸ ਵੱਲੋਂ ਬੀਤੇ ਦਿਨੀਂ ਇੱਕ ਨਸ਼ਾ ਤਸਕਰ ਕਾਬੂ ਕੀਤਾ ਗਿਆ ਸੀ, ਜਿਸ ਦੀ ਵੀਰਵਾਰ ਨੂੰ ਕੋਰੋਨਾ ਸਬੰਧੀ ਰਿਪੋਰਟ ਪੌਜ਼ੀਟਿਵ ਆਈ ਹੈ। ਪੌਜ਼ੀਟਿਵ ਆਇਆ ਵਿਅਕਤੀ ਸੰਗਰੂਰ ਜ਼ਿਲ੍ਹੇ ਦੇ ਮਲੇਰਕੋਟਲਾ ਦਾ ਰਹਿਣ ਵਾਲਾ ਹੈ।
ਇਸ ਤਸਕਰ ਦੇ ਸੰਪਰਕ ਵਿੱਚ ਬਰਨਾਲਾ ਦੇ ਐਸਐਸਪੀ, ਐਸਪੀ(ਡੀ), ਸੀਆਈਏ ਸਟਾਫ਼ ਤੋਂ ਇਲਾਵਾ 40 ਦੇ ਕਰੀਬ ਮੁਲਾਜ਼ਮ ਸੰਪਰਕ ਵਿੱਚ ਆ ਚੁੱਕੇ ਹਨ। ਜਿਨ੍ਹਾਂ ਦੀ ਸਿਹਤ ਵਿਭਾਗ ਵੱਲੋਂ ਸੈਂਪਲਿੰਗ ਕਰਕੇ ਉਨ੍ਹਾਂ ਨੂੰ ਇਕਾਂਤਵਾਸ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਬਰਨਾਲਾ ਡਾ.ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਬਰਨਾਲਾ ਪੁਲਿਸ ਵੱਲੋਂ ਇੱਕ ਕੇਸ ਵਿੱਚ ਮਲੇਰਕੋਟਲਾ ਦੇ ਫ਼ੜੇ ਗਏ ਵਿਅਕਤੀ ਦੀ ਰਿਪੋਰਟ ਪੌਜ਼ੀਟਿਵ ਆਈ ਹੈ, ਜਿਸ ਨੂੰ ਆਈਸੋਲੇਸ਼ਨ ਵਾਰਡ ’ਚ ਰੱਖ ਕੇ ਇਲਾਜ਼ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਸੰਪਰਕ ਵਿੱਚ ਆਏ ਪੁਲਿਸ ਮੁਲਾਜ਼ਮਾਂ ਸਮੇਤ ਅਦਾਲਤ ਦੇ ਕਰਮਚਾਰੀਆਂ ਦੀ ਸੈਂਪਲਿੰਗ ਕਰਕੇ ਇਕਾਂਤਵਾਸ ਕੀਤਾ ਜਾ ਰਿਹਾ ਹੈ।
ਪੁਲਿਸ ਮੁਲਾਜ਼ਮਾਂ ਵਿੱਚ ਐਸਐਸਪੀ, ਐਸਪੀ.ਡੀ, ਏਸੀਪੀ ਮਹਿਲ ਕਲਾਂ, ਸੀਆਈਏ ਸਟਾਫ਼ ਦੇ ਮੁਲਾਜ਼ਮ ਸੰਪਰਕ ਵਿੱਚ ਆਏ ਸਨ। ਜਿਨ੍ਹਾਂ ਨੂੰ ਇਕਾਂਤਵਾਸ ਕੀਤਾ ਜਾ ਰਿਹਾ ਹੈ। ਟੈਸਟ ਦੇ ਰਿਜਲਟ ਤੋਂ ਬਾਅਦ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਇਹ ਵੀ ਪੜੋ: ਲੁਧਿਆਣਾ 'ਚ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ 50 ਲੱਖ ਦੇ ਕੱਟੇ ਗਏ ਚਲਾਨ
ਇਹ ਮਾਮਲਾ ਬਰਨਾਲਾ ਜ਼ਿਲ੍ਹੇ ਵਿੱਚ ਸੰਗਰੂਰ ਜ਼ਿਲ੍ਹੇ ਵਿੱਚ ਪਾਇਆ ਜਾਵੇਗਾ। ਇਸਦਾ ਫ਼ੈਸਲਾ ਸਿਹਤ ਵਿਭਾਗ ਪੰਜਾਬ ਤੈਅ ਕਰੇਗਾ। ਕਿਉਂਕਿ ਇਹ ਰਹਿਣ ਵਾਲਾ ਸੰਗਰੂਰ ਦਾ ਹੈ, ਪਰ ਇਸਦੀ ਰਿਪੋਰਟ ਬਰਨਾਲਾ ਵਿੱਚ ਪੌਜ਼ੀਟਿਵ ਆਈ ਹੈ। ਇਸ ਮਰੀਜ਼ ਨੂੰ ਮਿਲਾ ਕੇ ਬਰਨਾਲਾ ਵਿੱਚ 3 ਕੇਸ ਐਕਟਿਵ ਹਨ।