ਬਰਨਾਲਾ: ਦੇਸ਼ ਨੂੰ ਆਜ਼ਾਦ ਹੋਏ 70 ਸਾਲ ਹੋ ਗਏ ਪਰ ਅੱਜ ਵੀ ਸੂਬੇ 'ਚ ਲੋਕ ਮੁੱਢਲੀਆਂ ਸਹੂਲਤਾ ਤੋਂ ਵਾਂਝੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਬਰਨਾਲਾ ਦੇ ਕਸਬਾ ਧਨੌਲਾ ਤੋਂ। ਧਨੌਲਾ ਦੇ ਸਿਵਲ ਹਸਪਤਾਲ ਵਿੱਚ ਡਾਕਟਰਾਂ ਦੀ ਭਾਰੀ ਘਾਟ ਹੈ ਅਤੇ ਧਨੌਲਾ ਵਾਸੀਆਂ ਨੂੰ ਐਮਰਜੈਂਸੀ ਵਿੱਚ ਦਾਖ਼ਲ ਕਰਨ ਦੀ ਥਾਂ ਬਰਨਾਲਾ ਰੈਫ਼ਰ ਕੀਤਾ ਜਾਂਦਾ ਹੈ। ਹਸਪਤਾਲ ਦੇ ਸੰਗਰੂਰ-ਬਠਿੰਡਾ ਹਾਈਵੇ 'ਤੇ ਸਥਿਤ ਹੋਣ ਦੇ ਚੱਲਦਿਆਂ ਸੜਕ ਹਾਦਸੇ ਦੇ ਸ਼ਿਕਾਰ ਲੋਕ ਫ਼ਸਟ ਟਰੀਟਮੈਂਟ ਲਈ ਹਸਪਤਾਲ ਜਾਂਦੇ ਹਨ ਪਰ ਹਸਪਤਾਲ 'ਚ ਡਾਕਟਰਾਂ ਦੀ ਘਾਟ ਕਾਰਨ ਮਰੀਜ਼ਾਂ ਨੂੰ ਬਰਨਾਲਾ ਰੈਫ਼ਰ ਕਰਨਾ ਪੈਂਦਾ ਹੈ।
ਉਂਧਰ ਸੀ ਐੱਮ ਓ ਬਰਨਾਲਾ ਦੀ ਗੈਰ ਮੌਜੂਦਗੀ ਵਿੱਚ ਕਾਰਜ ਸੰਭਾਲ ਰਹੇ ਡੀਆਈਓ ਸੁਰਿੰਦਰਪਾਲ ਕੁਮਾਰ ਸੰਧੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਧਨੌਲਾ ਦੇ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਬਿਲਕੁਲ ਠੀਕ ਚੱਲ ਰਹੀ ਹੈ। ਇਸ ਦੇ ਨਾਲ ਹੀ ਉਹ ਇਹ ਵੀ ਕਹਿ ਗਏ ਕਿ ਕੁਝ ਸਮਾਂ ਪਹਿਲਾਂ ਅਜਿਹੀ ਸਥਿਤੀ ਸੀ ਪਰ ਹੁਣ ਸਭ ਠੀਕ ਹੈ।
ਇਸ ਸਬੰਧੀ ਧਨੌਲਾ ਦੇ ਐੱਮ ਸੀ ਨੇ ਦੱਸਿਆ ਕਿ ਹਸਪਤਾਲ 'ਚ ਡਾਕਟਰਾਂ ਦੀ ਘਾਟ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਆ ਰਹੀਆਂ ਹਨ।