ਬਰਨਾਲਾ: ਕਸਬਾ ਧਨੌਲਾ ਵਿੱਚ ਦੋ ਦਿਨ ਪਹਿਲਾਂ ਇੱਕ ਪ੍ਰਵਾਸੀ ਮਜ਼ਦੂਰ ਦਾ ਕਤਲ ਹੋਇਆ ਸੀ, ਜਿਸ ਨੂੰ ਬਰਨਾਲਾ ਪੁਲਿਸ ਨੇ ਸੁਲਝਾ ਲਿਆ ਹੈ ਅਤੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਹੀ 1 ਮਹੀਨਾ ਪਹਿਲਾਂ ਧਨੌਲਾ ਦੇ ਇੱਕ ਘਰ ਵਿੱਚੋਂ 75 ਤੋਲੇ ਸੋਨਾ ਅਤੇ ਨਕਦੀ ਦੀ ਚੋਰੀ ਵਿੱਚ ਵੀ ਸ਼ਾਮਲ ਸਨ।
ਕਾਬੂ ਕੀਤੇ ਚੋਰ ਗਿਰੋਹ ਦੇ ਗੌਰਵ ਕੁਮਾਰ ਨੇ ਦੱਸਿਆ ਕਿ ਉਸ ਦੀ ਉਮਰ 24 ਸਾਲ ਹੈ ਅਤੇ ਉਹ ਧਨੌਲਾ ਵਿਖੇ ਇੱਕ ਦੁਕਾਨ ਚਲਾਉਂਦਾ ਸੀ। ਇਸੇ ਦੌਰਾਨ ਉਹ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮੱਖਣ ਸਿੰਘ ਦੇ ਨਾਲ ਮਿਲ ਕੇ ਸ਼ਰਾਬ ਦੀ ਤਸਕਰੀ ਅਤੇ ਚੋਰੀਆਂ ਕਰਨ ਲੱਗ ਪਿਆ। ਸਭ ਤੋਂ ਪਹਿਲਾਂ ਉਸ ਨੇ ਸ਼ਹਿਰ ਦੇ ਇੱਕ ਘਰ ਵਿਚੋਂ ਸੋਨਾ ਚੋਰੀ ਕਰ ਕੇ ਮੱਖਣ ਸਿੰਘ ਨੂੰ ਦਿੱਤਾ ਅਤੇ ਬਾਅਦ ਵਿੱਚ ਉਨ੍ਹਾਂ ਮੁਥੂਟ ਫਾਇਨਾਂਸ ਵਿੱਚ ਡਾਕਾ ਮਾਰਨ ਦੀ ਯੋਜਨਾ ਬਣਾਈ। ਇਸ ਘਟਨਾ ਦੌਰਾਨ ਹੀ ਉਨ੍ਹਾਂ ਵੱਲੋਂ ਪ੍ਰਵਾਸੀ ਮਜ਼ਦੂਰ ਚੌਕੀਦਾਰ ਦਾ ਕਤਲ ਕਰ ਦਿੱਤਾ ਗਿਆ, ਪਰ ਉਹ ਡਾਕਾ ਮਾਰਨ ਵਿੱਚ ਅਸਫ਼ਲ ਰਹੇ। ਕਾਬੂ ਕੀਤੇ ਗੌਰਵ ਕੁਮਾਰ ਨੇ ਦੱਸਿਆ ਕਿ ਸਾਰੀਆਂ ਘਟਨਾਵਾਂ ਦੀ ਯੋਜਨਾ ਅਕਾਲੀ ਦਲ ਦਾ ਆਗੂ ਮੱਖਣ ਸਿੰਘ ਹੀ ਬਣਾਉਂਦਾ ਸੀ। ਮੱਖਣ ਸਿੰਘ ਨਾਲ ਮਿਲ ਕੇ ਉਸ ਨੇ ਸ਼ਰਾਬ ਦੀ ਤਸਕਰੀ ਦਾ ਕੰਮ ਵੀ ਕੀਤਾ ਜਿਸ ਕਰ ਕੇ ਉਸ ਉੱਤੇ ਮੁਕੱਦਮੇ ਵੀ ਦਰਜ ਹੋਏ।
ਜਾਣਕਾਰੀ ਦਿੰਦੇ ਹੋਏ ਬਰਨਾਲਾ ਦੇ ਐੱਸ.ਐੱਸ.ਪੀ ਸੰਦੀਪ ਗੋਇਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਸਬਾ ਧਨੌਲਾ ਵਿੱਚ 20-25 ਦਿਨ ਪਹਿਲਾਂ ਇੱਕ ਘਰ ਵਿੱਚੋਂ 75 ਤੋਲੇ ਸੋਨਾ ਅਤੇ ਕੁੱਝ ਨਗਦੀ ਚੋਰੀ ਹੋਈ ਸੀ। ਇਸ ਤੋਂ ਬਾਅਦ ਬਰਨਾਲਾ ਸ਼ਹਿਰ ਵਿੱਚੋਂ ਦੋ ਸਕਾਰਪੀਓ ਗੱਡੀਆਂ ਚੋਰੀ ਹੋਈਆਂ ਸਨ। ਤਿੰਨ ਦਿਨ ਪਹਿਲਾਂ ਹੀ ਧਨੌਲਾ ਦੇ ਇੱਕ ਪਸ਼ੂਆਂ ਵਾਲੇ ਘਰ ਵਿੱਚ ਪ੍ਰਵਾਸੀ ਮਜ਼ਦੂਰ ਦੇ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ।
ਪੁਲਿਸ ਵੱਲੋਂ ਇਨ੍ਹਾਂ ਸਾਰੇ ਮਾਮਲਿਆਂ ਦੀ ਪੂਰੀ ਗੰਭੀਰਤਾ ਅਤੇ ਬਰੀਕੀ ਨਾਲ ਜਾਂਚ ਕੀਤੀ ਗਈ। ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ, ਜਦੋਂਕਿ ਗਰੋਹ ਦਾ ਮੁਖੀ ਮੱਖਣ ਸਿੰਘ ਫ਼ਰਾਰ ਹੈ। ਜਿਸ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਉਨ੍ਹਾਂ ਦੱਸਿਆ ਕਿ ਇਹ ਚੋਰ ਗਿਰੋਹ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਸਰਗਰਮ ਸੀ ਅਤੇ ਇਨ੍ਹਾਂ ਉੱਪਰ ਪਹਿਲਾਂ ਵੀ ਸ਼ਰਾਬ ਦੀ ਤਸਕਰੀ ਦੇ ਅਤੇ ਹੋਰ ਕ੍ਰਾਈਮ ਦੇ ਮਾਮਲੇ ਦਰਜ ਹਨ। ਪੁਲਿਸ ਵੱਲੋਂ ਇਨ੍ਹਾਂ ਸਾਰੇ ਦੋਸ਼ੀਆਂ ਵਿਰੁੱਧ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਹੈ।