ਬਰਨਾਲਾ: ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਮੁਲਾਜ਼ਮਾਂ ਵਲੋਂ ਮੰਗਾਂ ਨੂੰ ਲੈ ਕੇ ਪਿਛਲੇ ਦਿਨੀਂ ਹੜਤਾਲ ਕੀਤੀ ਗਈ ਸੀ। ਬੀਤੇ ਦਿਨੀਂ ਪੰਜਾਬ ਸਰਕਾਰ ਨਾਲ ਮੁਲਾਜ਼ਮ ਜੱਥੇਬੰਦੀ ਦੀ ਮੀਟਿੰਗ ਕਰਕੇ ਮਸਲਾ ਹੱਲ ਤੋਂ ਬਾਅਦ ਵੀ ਅੱਜ ਬਰਨਾਲਾ ਡੀਪੂ ਦੇ ਮੁਲਾਜ਼ਮਾਂ ਵਲੋਂ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।
ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੇ ਦੱਸਿਆ ਕਿ ਅੱਜ ਸਵੇਰੇ 4 ਵਜੇ ਮੁਲਾਜ਼ਮ ਡਿਊਟੀ 'ਤੇ ਆਏ ਸਨ, ਪਰ ਪੀਆਰਟੀਸੀ ਬੱਸਾਂ ਦੀ ਮੈਨੇਜਮੈਂਟ ਮੁਲਾਜ਼ਮਾਂ ਨੂੰ ਡਿਊਟੀ ਕਰਨ ਲਈ ਪ੍ਰਵਾਨਗੀ ਨਹੀਂ ਦੇ ਰਹੀ। ਉਹਨਾਂ ਕਿਹਾ ਕਿ ਇਹ ਵਤੀਰਾ ਸਰਕਾਰ ਅਤੇ ਪੀਆਰਟੀਸੀ ਦੀ ਮੈਨੈਜਮੈਂਟ 'ਤੇ ਸ਼ੰਕਾ ਪ੍ਰਗਟ ਹੁੰਦਾ ਹੈ। ਮੁਲਾਜ਼ਮਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੁਲਾਜ਼ਮਾਂ ਨੂੰ ਡਿਊਟੀ 'ਤੇ ਨਾ ਲਿਆ ਗਿਆ ਤਾਂ ਉਹ ਕਿਸਾਨ ਜੱਥੇਬੰਦੀਆਂ ਨੂੰ ਲੈ ਕੇ ਸੰਘਰਸ਼ ਤੇਜ ਅਤੇ ਤਿੱਖਾ ਕਰਨ ਲਈ ਮਜਬੂਰ ਹੋਣਗੇ।
ਇਸ ਮੌਕੇ ਗੱਲਬਾਤ ਕਰਦਿਆਂ ਪੀਆਰਟੀਸੀ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਸਰਕਾਰੀ ਬੱਸਾਂ ਦੇ ਕੱਚੇ ਕਾਮੇ ਆਪਣੀਆਂ ਮੰਗਾਂ ਨੂੰ ਲੈ ਕੇ ਦੋ ਦਿਨਾਂ ਦੀ ਹੜਤਾਲ ਉਪਰ ਸਨ। ਬੀਤੇ ਦਿਨੀਂ ਸਰਕਾਰ ਨਾਲ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਸਹਿਮਤੀ ਬਣ ਗਈ। ਜਿਸ ਕਰਕੇ ਅੱਜ ਸਵੇਰੇ 4 ਵਜੇ ਸਾਰੇ ਮੁਲਾਜ਼ਮ ਆਪਣੀਆਂ ਡਿਊਟੀਆਂ ਉਪਰ ਪਹੁੰਚੇ ਸਨ। ਪਰ ਪੀਆਰਟੀਸੀ ਦੀ ਮੈਨੇਜਮੈਂਟ ਨੇ ਉਹਨਾਂ ਨੂੰ ਡਿਊਟੀਆਂ ਉਪਰ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਜੋ ਸਰਕਾਰ ਅਤੇ ਪੀਆਰਟੀਸੀ ਮੈਨੇਜਮੈਂਟ ਦੀ ਨੀਤੀ ਤੇ ਸ਼ੰਕਾ ਖੜੇ ਕਰ ਰਿਹਾ ਹੈ।
ਉਹਨਾਂ ਕਿਹਾ ਕਿ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਪੀਆਰਟੀਸੀ ਮੈਨੇਜਮੈਂਟ ਕੋਈ ਮੁਲਾਜ਼ਮ ਮਾਰੂ ਫ਼ੈਸਲਾ ਲੈਣ ਲਈ ਤਿਆਰ ਬੈਠੀ ਹੈ। ਉਹਨਾਂ ਕਿਹਾ ਕਿ ਜੇਕਰ ਮੁਲਾਜ਼ਮਾਂ ਨਾਲ ਕੋਈ ਵੀ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਕਿਸਾਨ ਜੱਥੇਬੰਦੀਆਂ ਨੂੰ ਲੈ ਕੇ ਆਪਣਾ ਸੰਘਰਸ਼ ਹੋਰ ਤੇਜ਼ ਅਤੇ ਤਿੱਖਾ ਕਰਨਗੇ।
ਉਥੇ ਪੀਆਰਟੀਸੀ ਡੀਪੂ ਦੇ ਮੈਨੇਜਰ ਨਿਰਭੈ ਸਿੰਘ ਨੇ ਦੱਸਿਆ ਕਿ ਬਰਨਾਲਾ ਡੀਪੂ ਦੀਆਂ 61 ਬੱਸਾਂ ਚੱਲ ਰਹੀਆਂ ਹਨ। ਉਹਨਾਂ ਕਿਹਾ ਕਿ ਮੁਲਾਜ਼ਮਾਂ ਵਲੋਂ ਜੋ ਦੋ ਦਿਨ ਦੀ ਹੜਤਾਲ ਕੀਤੀ ਸੀ, ਉਹਨਾਂ ਬਿਨ੍ਹਾਂ ਦੱਸੇ ਕੀਤੀ ਗਈ ਸੀ। ਹੜਤਾਲ ਉਪਰ ਗਏ ਮੁਲਾਜ਼ਮਾਂ ਤੋਂ ਟਿਕਟ ਮਸ਼ੀਨਾਂ ਇਸ ਕਰਕੇ ਲਈਆਂ ਗਈਆਂ ਸਨ ਕਿ ਬੱਸਾਂ ਉਪਰ ਹੋਰ ਰੈਗਲਰ ਮੁਲਾਜ਼ਮਾਂ ਨੂੰ ਦੇ ਕੇ ਬੱਸਾਂ ਚਲਾਉਣ ਲਈ ਦਿੱਤੀਆਂ ਗਈਆਂ ਸਨ।
ਉਹਨਾਂ ਕਿਹਾ ਕਿ ਕਿਸੇ ਵੀ ਮੁਲਾਜ਼ਮ ਨੇ ਡਿਊਟੀ ਉਪਰ ਆਉਣ ਬਾਰੇ ਉਹਨਾਂ ਨਾਲ ਕੋਈ ਸੰਪਰਕ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਚ ਅਧਿਕਾਰੀਆਂ ਦੀ ਮੀਟਿੰਗ ਚੱਲ ਰਹੀ ਹੈ, ਜੋ ਵੀ ਹੁਕਮ ਹੋਣਗੇ, ਉਸ ਅਨੁਸਾਰ ਹੀ ਫ਼ੈਸਲਾ ਲਿਆ ਜਾਵੇਗਾ।
ਇਹ ਵੀ ਪੜ੍ਹੋ: ਲੁਧਿਆਣਾ ਵਿੱਚ ਪੰਜਾਬ ਦੇ DGP ਵੱਲੋਂ ਕੀਤੀ ਗਈ ਚੈਕਿੰਗ