ਬਰਨਾਲਾ: ਕਸਬਾ ਸ਼ਹਿਣਾ ਦੀ ਕੋਰੋਨਾ ਪੀੜਤ ਔਰਤ ਆਪਣੇ ਪਰਿਵਾਰ ਸਮੇਤ ਘਰ ਤੋਂ ਫਰਾਰ ਹੋ ਗਈ, ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਸ਼ਿਕਾਇਤ 'ਤੇ ਬਰਨਾਲਾ ਪੁਲਿਸ ਨੇ ਕੋਰੋਨਾ ਪੀੜਤ ਔਰਤ, ਉਸ ਦੇ ਪਤੀ, ਮਾਂ ਅਤੇ ਭਰਾ ਵਿਰੁੱਧ ਪਰਚਾ ਦਰਜ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਬਰਨਾਲਾ ਦੇ ਸਿਵਲ ਸਰਜਨ ਡਾਕਟਰ ਗੁਰਿੰਦਰਵੀਰ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਬਰਨਾਲਾ ਵਿੱਚ ਇੱਕ ਮਹਿਲਾ ਜੋ ਦਿੱਲੀ ਤੋਂ ਬਰਨਾਲਾ ਆਈ ਸੀ, ਉਸ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਹੈ, ਜਿਸ ਨਾਲ ਬਰਨਾਲਾ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 43 ਹੋ ਗਈ ਹੈ। ਸੋਮਵਾਰ ਨੂੰ ਕੋਰੋਨਾ ਪੌਜ਼ੀਟਿਵ ਆਈ ਮਹਿਲਾ ਨੂੰ ਜਦੋਂ ਸਿਹਤ ਵਿਭਾਗ ਦਾ ਸਟਾਫ ਆਈਸੋਲੇਸ਼ਨ ਵਾਰਡ ਵਿੱਚ ਲਿਜਾਣ ਲਈ ਗਿਆ ਤਾਂ ਪੀੜਤ ਮਹਿਲਾ ਅਤੇ ਉਸ ਦਾ ਪਰਿਵਾਰ ਘਰ ਨੂੰ ਜਿੰਦਾ ਲਾ ਕੇ ਫਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਇਸ ਦੀ ਸ਼ਿਕਾਇਤ ਪੁਲਿਸ ਨੂੰ ਕਰਕੇ ਇਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
ਇਹ ਵੀ ਪੜੋ: ਤੇਲ ਦੀਆਂ ਕੀਮਤਾਂ ਬਾਰੇ ਸੁਖਬੀਰ ਬਾਦਲ ਦੀ ਕੇਂਦਰ ਨੂੰ ਸਲਾਹ
ਉਧਰ ਇਸ ਸਬੰਧੀ ਡੀਐੱਸਪੀ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਇੱਕ ਮਹਿਲਾ ਦਿੱਲੀ ਤੋਂ ਬਰਨਾਲਾ ਦੇ ਕਸਬਾ ਸ਼ਹਿਣਾ ਵਿਖੇ ਆਪਣੀ ਮਾਂ ਨੂੰ ਮਿਲਣ ਆਈ ਸੀ, ਜਿਸ ਦੀ ਕੋਰੋਨਾ ਸਬੰਧੀ ਰਿਪੋਰਟ ਪੌਜ਼ੀਟਿਵ ਆਈ ਹੈ, ਜਿਸ ਤੋਂ ਬਾਅਦ ਪੀੜਤ ਮਹਿਲਾ ਅਤੇ ਉਸਦਾ ਪਰਿਵਾਰ ਘਰ ਤੋਂ ਫ਼ਰਾਰ ਹੋ ਗਿਆ। ਸਿਹਤ ਵਿਭਾਗ ਦੀ ਸ਼ਿਕਾਇਤ ਤੋਂ ਬਾਅਦ ਪੀੜਤ ਮਹਿਲਾ, ਉਸ ਦੇ ਪਤੀ ਉਸ ਦੀ ਮਾਂ ਅਤੇ ਭਰਾ ਵਿਰੁੱਧ ਪਰਚਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।