ਬਰਨਾਲਾ: ਸਿਹਤ ਵਿਭਾਗ ਪੰਜਾਬ, ਸੂਬਾ ਵਾਸੀਆਂ ਨੂੰ ਮਿਆਰੀ ਅਤੇ ਸਮਾਂਬੱਧ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਇਹ ਪ੍ਰਗਟਾਵਾ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਡਾ. ਗੁਰਿੰਦਰਬੀਰ ਸਿੰਘ ਵੱਲੋਂ ਸਿਵਲ ਹਸਪਤਾਲ ਬਰਨਾਲਾ ਦੇ ਦੌਰੇ ਮੌਕੇ ਕੀਤਾ।
ਇਸ ਮੌਕੇ ਜਿੱਥੇ ਉਨ੍ਹਾਂ ਨੇ ਸਿਵਲ ਹਸਪਤਾਲ ਬਰਨਾਲਾ ਦੀਆਂ ਵੱਖ-ਵੱਖ ਸ਼ਾਖਾਵਾਂ ਦਾ ਦੌਰਾ ਕਰ ਕੇ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ, ਉਥੇ ਹੀ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰਜੀਤ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਤੇ ਹੋਰ ਅਧਿਕਾਰੀਆਂ ਨਾਲ ਕੋਰੋਨਾ ਵੈਕਸੀਨੇਸ਼ਨ ਸਬੰਧੀ ਮੀਟਿੰਗ ਕੀਤੀ।
ਡਾ.ਜੀਬੀ ਸਿੰਘ ਨੇ ਦੱਸਿਆ ਕਿ ਸੂਬੇ ਵਿੱਚ ਕੋਰੋਨਾ ਵੈਕਸੀਨੇਸ਼ਨ 16 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿੱਚ ਪੰਜਾਬ ਵਿੱਚ ਕੋਰੋਨਾ ਸਬੰਧੀ ਵੈਕਸੀਨ ਸਿਹਤ ਵਿਭਾਗ ਦੇ ਮੂਹਰਲੀ ਕਤਾਰ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਲਗਾਈ ਜਾਵੇਗੀ।
ਸਿਵਲ ਸਰਜਨ ਡਾ.ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਕਰੋਨਾ ਵੈਕਸੀਨ ਦੇ ਦੋ ਟੀਕੇ 28 ਦਿਨਾਂ ਦੇ ਫਰਕ ਨਾਲ ਲਗਾਏ ਜਾਣਗੇ, ਇਸ ਵੈਕਸੀਨ ਦਾ ਕੋਈ ਵੀ ਮਾੜਾ ਅਸਰ ਨਹੀਂ ਹੈ ਤੇ ਪੂਰੀ ਟਰਾਇਲ ਪ੍ਰਕਿਰਿਆ ਅਪਣਾਉਣ ਤੋਂ ਬਾਅਦ ਹੀ ਇਹ ਵੈਕਸੀਨ ਸਿਹਤ ਵਿਭਾਗ ਦੇ ਰਜਿਸਟਰਡ ਮੁਲਾਜ਼ਮਾਂ ਨੂੰ ਲਗਾਈ ਜਾਵੇਗੀ। ਵੈਕਸੀਨੇਸ਼ਨ ਤੋਂ ਪਹਿਲਾਂ ਮੋਬਾਇਲ ’ਤੇ ਆਇਆ ਸੰਦੇਸ਼ ਅਤੇ ਸ਼ਨਾਖਤੀ ਸਬੂਤ ਦੇਖਿਆ ਜਾਵੇਗਾ।
ਜ਼ਿਲ੍ਹਾ ਟੀਕਾਕਰਨ ਅਫਸਰ ਡਾ.ਰਜਿੰਦਰ ਸਿੰਗਲਾ ਨੇ ਕਿਹਾ ਕਿ ਇਹ ਵੈਕਸੀਨ ਲਗਾਉਣ ਲਈ 5 ਸੈਂਟਰ ਸਿਵਲ ਹਸਪਤਾਲ, ਬਰਨਾਲਾ, ਤਪਾ, ਭਦੌੜ, ਧਨੌਲਾ ਅਤੇ ਮਹਿਲ ਕਲਾਂ ਵਿਖੇ ਰਜਿਸਟਰਡ 100-100 ਵਿਅਕਤੀਆਂ ਦੇ ਲਗਾਈ ਜਾਵੇਗੀ। ਸਿਹਤ ਵਿਭਾਗ ਵੱਲੋਂ ਇਸ ਸਬੰਧੀ ਵੈਕਸੀਨ ਲਗਾਉਣ ਸਮੇਂ ਵੇਟਿੰਗ, ਵੈਕਸੀਨ ਅਤੇ 30 ਮਿੰਟ ਨਿਗਰਾਨੀ ਕਰਨ ਲਈ ਕਮਰਿਆਂ ਦਾ ਪ੍ਰਬੰਧ ਕਰ ਲਿਆ ਗਿਆ ਹੈ।